ਸਿੱਧੂ ਦਾ ਨਵਾਂ ਰਸਤਾ ਚੁਣਨਾ ਇਕ ਵੱਡੀ ਸਿਆਸੀ ਭੁੱਲ: ਸ਼ਰਮਾ
ਸਿੱਧੂ ਦਾ ਨਵਾਂ ਰਸਤਾ ਚੁਣਨਾ ਇਕ ਵੱਡੀ ਸਿਆਸੀ ਭੁੱਲ: ਮਨਜੀਤ ਸ਼ਰਮਾ
Publish Date: Thu, 09 Apr 2026 05:37 PM (IST)
Updated Date: Fri, 10 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪਿੰਡ ਬਰਾਸ ਵਿਖੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦੀਆਂ ਚਰਚਾਵਾਂ ਅਤੇ ਉਨ੍ਹਾਂ ਦੇ ਹਾਲੀਆ ਕਦਮਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਿੱਧੂ ਦਾ ਪਾਰਟੀ ਤੋਂ ਵੱਖ ਹੋ ਕੇ ਨਵਾਂ ਰਸਤਾ ਚੁਣਨਾ ਉਨ੍ਹਾਂ ਦੀ ਇਕ ਵੱਡੀ ਸਿਆਸੀ ਭੁੱਲ ਸਾਬਤ ਹੋਵੇਗਾ। ਮਨਜੀਤ ਸ਼ਰਮਾ ਨੇ ਕਿਹਾ ਕਿ ਕਾਂਗਰਸ ਵਰਗੀ ਇਤਿਹਾਸਕ ਪਾਰਟੀ ਨੇ ਸਿੱਧੂ ਨੂੰ ਹਮੇਸ਼ਾ ਬਣਦਾ ਮਾਨ-ਸਨਮਾਨ ਦਿੱਤਾ ਅਤੇ ਉਨ੍ਹਾਂ ਨੂੰ ਇਕ ਵੱਡਾ ਮੰਚ ਪ੍ਰਦਾਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਨੁਸ਼ਾਸਨਹੀਣਤਾ ਅਤੇ ਨਿੱਜੀ ਇੱਛਾਵਾਂ ਕਾਰਨ ਸਿੱਧੂ ਨੇ ਨਾ ਸਿਰਫ਼ ਪਾਰਟੀ ਦੇ ਅੰਦਰ ਤਰੇੜਾਂ ਪੈਦਾ ਕੀਤੀਆਂ, ਸਗੋਂ ਪਾਰਟੀ ਦੇ ਅਕਸ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਉਨ੍ਹਾਂ ਆਗੂਆਂ ਨੂੰ ਕਦੇ ਸਵੀਕਾਰ ਨਹੀਂ ਕਰਨਗੇ ਜੋ ਸਿਰਫ਼ ਸੱਤਾ ਦੀ ਲਾਲਸਾ ਲਈ ਆਪਣੀ ਵਿਚਾਰਧਾਰਾ ਬਦਲਦੇ ਰਹਿੰਦੇ ਹਨ। ਸ਼ਰਮਾ ਨੇ ਕਿਹਾ ਕਿ ਸਿੱਧੂ ਦੇ ਇਸ ਕਦਮ ਨਾਲ ਸਿਰਫ਼ ਵਿਰੋਧੀ ਪਾਰਟੀਆਂ ਨੂੰ ਹੀ ਫ਼ਾਇਦਾ ਹੋਵੇਗਾ, ਪੰਜਾਬ ਦੀ ਜਨਤਾ ਨੂੰ ਨਹੀਂ। ਕਾਂਗਰਸ ਇਕ ਵਿਚਾਰਧਾਰਾ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਦੇ ਜਾਣ ਨਾਲ ਕਮਜ਼ੋਰ ਨਹੀਂ ਹੁੰਦੀ। ਪਾਰਟੀ ਅੱਜ ਵੀ ਆਪਣੇ ਸਿਧਾਂਤਾਂ ’ਤੇ ਅਡਿੱਗ ਹੈ ਅਤੇ ਪੂਰੀ ਤਰ੍ਹਾਂ ਇੱਕਜੁੱਟ ਹੋ ਕੇ ਚੋਣ ਮੈਦਾਨ ਵਿਚ ਡਟੀ ਹੋਈ ਹੈ। ਇਸ ਮੌਕੇ ਉਨ੍ਹਾਂ ਨਾਲ ਕਰਮਜੀਤ ਸਿੰਘ, ਪਰਮਜੀਤ ਸਿੰਘ ਆਦਿ ਵੀ ਮੌਜੂਦ ਸਨ।