ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰਾਂ ਨੇ ਲਗਾਇਆ ਧਰਨਾ
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰਾਂ ਨੇ ਲਗਾਇਆ ਧਰਨਾ
Publish Date: Mon, 02 Mar 2026 05:18 PM (IST)
Updated Date: Mon, 02 Mar 2026 05:19 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਸਥਾਨਕ ਬੁੱਗਾ ਬੱਸ ਸਟੈਂਡ ਦੀ ਗੁਰਦੁਆਰਾ ਮਾਰਕੀਟ ਅੱਗੇ ਪਿਛਲੇ ਕਈ ਮਹੀਨਿਆਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ’ਤੇ ਖੜੇ ਗੰਦੇ ਪਾਣੀ ਤੋਂ ਪਰੇਸ਼ਾਨ ਦੁਕਾਨਦਾਰਾਂ ਨੇ ਦੋਵੇਂ ਪਾਸੇ ਸੜਕ ਬੰਦ ਕਰਕੇ ਜਾਮ ਲਗਾ ਕੇ ਨਗਰ ਕੌਂਸਲ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਭਾਰਤੀ ਜਨਤਾ ਪਾਰਟੀ ਦੇ ਪ੍ਰਦੀਪ ਗਰਗ ਅਤੇ ਸ਼ਿਵ ਸੈਨਾ ਦੇ ਬਲਜੀਤ ਸਿੰਘ ਪੇਸ਼ੀ ਨੇ ਇਸ ਧਰਨੇ ਵਿਚ ਸ਼ਾਮਲ ਹੋ ਕੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਵਿਚ ਫੇਲ ਸਾਬਤ ਹੋ ਰਹੀ ਹੈ ਅਤੇ ਲੋਕ ਸੰਤਾਪ ਭੁਗਤ ਰਹੇ ਹਨ। ਕਈ ਘੰਟੇ ਦੇ ਧਰਨੇ ਤੋਂ ਬਾਅਦ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਦੇ ਭਰੋਸੇ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਚੁੱਕਿਆ। ਦੁਕਾਨਦਾਰਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਸ ਸੜਕ ’ਤੇ ਗੰਦਾ ਪਾਣੀ ਖੜ੍ਹਾ ਹੈ ਜਿਸ ਦੀ ਨਿਕਾਸੀ ਨਹੀਂ ਹੋ ਰਹੀ। ਉਨ੍ਹਾਂ ਵੱਲੋਂ ਸਮੇਂ ਸਮੇਂ ਨਗਰ ਕੌਂਸਲ ਨੂੰ ਇਸ ਸਬੰਧੀ ਮੌਕਾ ਦਿਖਾਇਆ ਗਿਆ ਹੈ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕਰ ਰਿਹਾ। ਸੜਕ ਤੇ ਖੜੇ ਗੰਦੇ ਪਾਣੀ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਰਕੀਟ ਦੇ ਨਜ਼ਦੀਕ ਹੀ ਸਰਕਾਰੀ ਸਕੂਲ ਹੈ ਜਿਸ ਵਿਚ ਪੜ੍ਹਦੇ ਬੱਚਿਆਂ ਨੂੰ ਸਕੂਲ ਆਉਣ ਤੇ ਜਾਣ ਸਮੇਂ ਗੰਦੇ ਪਾਣੀ ਵਿਚੋਂ ਗੁਜਰਨਾ ਪੈਂਦਾ ਹੈ। ਨਗਰ ਕੌਂਸਲ ਵੱਲੋਂ ਇਸ ਸਮੱਸਿਆ ਦਾ ਹੱਲ ਨਾ ਕੱਢੇ ਜਾਣ ਤੇ ਮਜਬੂਰ ਹੋ ਕੇ ਉਨ੍ਹਾਂ ਵੱਲੋਂ ਅੱਜ ਇਸ ਸੜਕ ਨੂੰ ਦੋਵੇਂ ਪਾਸੇ ਬੰਦ ਕਰਕੇ ਜਾਮ ਲਗਾ ਕੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਧਰਨੇ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਵੀ ਮੌਜੂਦ ਸਨ।