ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜ਼ੋਨ ਲਈ ਐੱਸਸੀ ਵਿੰਗ ਦੀ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜੋਨ ਲਈ ਐਸਸੀ ਵਿੰਗ ਦੀ ਮੀਟਿੰਗ ਆਯੋਜਿਤ
Publish Date: Mon, 30 Mar 2026 05:20 PM (IST)
Updated Date: Mon, 30 Mar 2026 05:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜ਼ੋਨ ਲਈ ਐੱਸਸੀ ਵਿੰਗ ਦੀ ਮੀਟਿੰਗ ਜੁਗਨੂੰ ਪੈਲੇਸ ਵਿਖੇ ਕੀਤੀ ਗਈ। ਮੀਟਿੰਗ ਵਿਚ ਮਾਲਵਾ ਜ਼ੋਨ ਦੇ ਨਵਨਿਯੁਕਤ ਪ੍ਰਧਾਨ ਸ਼ਮਸ਼ੇਰ ਸਿੰਘ ਪੁਰਖਾਲਵੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਰਖਾਲਵੀ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪੰਜਾਬ ’ਚ ਇਤਿਹਾਸਕ ਵਿਕਾਸ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 2022 ਵਿਚ ਲੋਕਾਂ ਨੇ ਆਪਣੀ ਝੋਲੀ ਵਿਚ ਬਹੁਤ ਸਾਰੀਆਂ ਪੀੜਾਂ ਪਾ ਲਈਆਂ ਹਨ ਅਤੇ ਇਨ੍ਹਾਂ ਤੋਂ ਮੁਕਤੀ ਲਈ ਪਾਰਟੀ ਵੱਲੋਂ ਕੀਤੇ ਗਏ ਰਿਕਾਰਡ ਤੋੜ ਕੰਮਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ ਘਰ ਜਾਣ ਦੀ ਰਣਨੀਤੀ ਬਣਾਈ ਗਈ ਹੈ। ਪੁਰਖਾਲਵੀ ਨੇ ਜ਼ਿਲ੍ਹਾ, ਵਿਧਾਨ ਸਭਾ ਹਲਕਾ, ਸਰਕਲ ਤੇ ਸਥਾਨਕ ਪੱਧਰ ਦੀਆਂ ਇਕਾਈਆਂ ਕਾਇਮ ਕਰਨ ਦੇ ਨਾਲ ਨਾਲ ਬੂਥ ਲੈਵਲ ਤੱਕ ਕਮੇਟੀਆਂ ਗਠਿਤ ਕਰਨ ਲਈ ਜ਼ਿਲ੍ਹਾ ਪ੍ਰਧਾਨਾਂ ਨੂੰ ਸਮਾਂਬੱਧ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਜੋਕੇ ਹਾਈਟੈਕ ਜ਼ਮਾਨੇ ਦੀ ਬਰਾਬਰੀ ਕਰਨ ਲਈ ਕੰਪਿਊਟਰ ਅਤੇ ਸੋਸ਼ਲ ਮੀਡੀਆ ਦਾ ਗਿਆਨ ਰੱਖਣ ਵਾਲੇ ਨੌਜਵਾਨਾਂ ਦੇ ਨਾਲ ਨਾਲ ਔਰਤਾਂ ਨੂੰ ਵੀ ਕਮੇਟੀਆਂ ’ਚ ਯੋਗ ਅਤੇ ਬਰਾਬਰ ਦਰਜਾ ਦੇਣਾ ਯਕੀਨੀ ਬਣਾਇਆ ਜਾਵੇ। ਇਸ ਮੀਟਿੰਗ ਵਿਚ ਡਾ. ਅਰਜੁਨ ਸਿੰਘ ਅਮਲੋਹ, ਹਰਬੰਸ ਸਿੰਘ ਜੋਗੀਪੁਰ, ਗੁਰਚਰਨ ਸਿੰਘ ਖਾਲਸਾ, ਨਿਰਮਲ ਸਿੰਘ ਹਰੀਵਾਲ ਅਤੇ ਦਿਲਬਾਗ ਸਿੰਘ ਮੀਆਂਪੁਰ ਸਮੇਤ ਕਈ ਐਸਸੀ ਵਿੰਗ ਦੇ ਸਰਗਰਮ ਆਗੂ ਹਾਜ਼ਰ ਰਹੇ।