ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਇਤਿਹਾਸ ਰਚੇਗੀ : ਰਾਜੂ ਖੰਨਾ
ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਇਤਿਹਾਸ ਰਚੇਗੀ : ਰਾਜੂ ਖੰਨਾ
Publish Date: Fri, 27 Feb 2026 06:21 PM (IST)
Updated Date: Sat, 28 Feb 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਮਾਰਚ ਨੂੰ ਹਲਕਾ ਅਮਲੋਹ ’ਚ ਕੀਤੀ ਜਾ ਰਹੀ ਪੰਜਾਬ ਬਚਾਓ, ਸ਼੍ਰੋਮਣੀ ਅਕਾਲੀ ਦਲ ਲਿਆਓ ਰੈਲੀ ਇਕੱਠ ਪੱਖੋਂ ਇਤਿਹਾਸ ਰਚੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਉੱਚੀ ਰੁੜਕੀ ਵਿੱਚ ਪ੍ਰਮੁੱਖ ਆਗੂਆਂ ਨਾਲ ਰੈਲੀ ਸਬੰਧੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਰੈਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਰਾਜੂ ਖੰਨਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਣ ਵਾਲੀ ਇਸ ਵਿਸ਼ਾਲ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਖੁਦ ਪਹੁੰਚ ਕੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਸੀਨੀਅਰ ਲੀਡਰਸ਼ਿਪ ਵੀ ਵੱਡੇ ਪੱਧਰ ’ਤੇ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕਾ ਅਮਲੋਹ ਵਿੱਚ ਜੋ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਦੇਖਣ ਨੂੰ ਮਿਲ ਰਹੀਆਂ ਹਨ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ। ਸੰਗਤ ਦਰਸ਼ਨਾਂ ਰਾਹੀਂ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਪਿੰਡ ਅਤੇ ਸ਼ਹਿਰ ਵਿੱਚ ਵੱਡੀਆਂ ਰਾਸ਼ੀਆਂ ਨਾਲ ਵਿਕਾਸ ਕਰਵਾਇਆ ਗਿਆ ਸੀ ਅਤੇ ਲੋਕ ਭਲਾਈ ਸਕੀਮਾਂ ਘਰ-ਘਰ ਤੱਕ ਪਹੁੰਚਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਮੌਜੂਦਾ ਆਪ ਸਰਕਾਰ ਨੇ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਅਮਲੋਹ ਸ਼ਹਿਰ ਵਿੱਚ ਅਕਾਲੀ ਸਰਕਾਰ ਸਮੇਂ ਕਰੋੜਾਂ ਰੁਪਏ ਨਾਲ ਬਣਾਈ ਗਈ ਸੀਵਰੇਜ ਸਿਸਟਮ ਨੂੰ ਆਪ ਸਰਕਾਰ ਅਤੇ ਨਗਰ ਕੌਂਸਲ ਅਜੇ ਤੱਕ ਸਾਫ਼ ਨਹੀਂ ਕਰ ਸਕੀ ਜਿਸ ਕਾਰਨ ਸ਼ਹਿਰ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 25 ਮਾਰਚ ਨੂੰ ਵੱਡੇ ਕਾਫਲਿਆਂ ਵਿੱਚ ਸ਼ਾਮਲ ਹੋ ਕੇ ਰੈਲੀ ਨੂੰ ਕਾਮਯਾਬ ਬਣਾਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕੇ ਦੇ ਵਿਕਾਸ ਅਤੇ ਬੰਦ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਮੁੜ ਸ਼ੁਰੂ ਕਰ ਸਕੇ। ਇਸ ਮੀਟਿੰਗ ਵਿੱਚ ਸੀਨੀਅਰ ਆਗੂ ਰਣਜੀਤ ਸਿੰਘ ਘੋਲਾ ਰੁੜਕੀ, ਰਾਜਿੰਦਰ ਸਿੰਘ ਰਾਜੀ ਬਲਿੰਗ, ਯੂਥ ਆਗੂ ਦਿਲਮਨਪ੍ਰੀਤ ਸਿੰਘ, ਸਾਬਕਾ ਸਰਪੰਚ ਬਚਿੱਤਰ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ, ਗੁਰਮੀਤ ਸਿੰਘ ਪ੍ਰਧਾਨ, ਯੂਥ ਆਗੂ ਗੁਰਪ੍ਰੀਤ ਸਿੰਘ ਰੁੜਕੀ, ਹਰਕੰਵਲ ਸਿੰਘ ਰੁੜਕੀ, ਜਸਪ੍ਰੀਤ ਸਿੰਘ ਜੱਸਾ, ਅਮਨਦੀਪ ਸਿੰਘ, ਮਨਿੰਦਰ ਸਿੰਘ ਰੁੜਕੀ, ਗੁਰਦੀਪ ਸਿੰਘ, ਸ਼ਿੰਗਾਰਾ ਸਿੰਘ, ਦਲੀਪ ਸਿੰਘ, ਮੇਜਰ ਸਿੰਘ ਅਤੇ ਸੁਖਚੈਨ ਸਿੰਘ ਸਮੇਤ ਹੋਰ ਮੌਜੂਦ ਸਨ।