ਸ਼ਾਨਵੀਰ ਕੁਹਾਲੀ ਨੇ ਭੁਪਿੰਦਰ ਅਜਨਾਲਾ ਨੂੰ ਹਰਾ ਕੇ ਜਿੱਤੀ 1.51 ਲੱਖ ਦੀ ਝੰਡੀ
ਸ਼ਾਨਵੀਰ ਕੁਹਾਲੀ ਨੇ ਭੁਪਿੰਦਰ ਅਜਨਾਲਾ ਨੂੰ ਹਰਾ ਕੇ ਜਿੱਤੀ 1. 51 ਲੱਖ ਦੀ ਝੰਡੀ
Publish Date: Sat, 28 Feb 2026 04:50 PM (IST)
Updated Date: Sat, 28 Feb 2026 04:52 PM (IST)

- ਪਿੰਡ ਸਲਾਣਾ ਦੇ ਇਤਿਹਾਸਕ ਦੰਗਲ ’ਚ 500 ਦੇ ਕਰੀਬ ਪਹਿਲਵਾਨਾਂ ਨੇ ਦਿਖਾਏ ਜੌਹਰ - ਝੋਟੀਆਂ, ਸੋਨੇ ਦੀਆਂ ਮੁੰਦਰੀਆਂ ਅਤੇ ਲੱਖਾਂ ਰੁਪਏ ਦਿੱਤੇ ਇਨਾਮ ਗਰਗ, ਪੰਜਾਬੀ ਜਾਗਰਣ ਅਮਲੋਹ : ਬਾਬਾ ਮਾੜੂ ਦਾਸ ਜੀ ਦੀ ਯਾਦ ਵਿਚ ਕਰਵਾਇਆ ਗਿਆ ਪੰਜਾਬ ਦਾ ਵਿਸ਼ਾਲ ਕੁਸ਼ਤੀ ਦੰਗਲ ’ਚੋਂ ਇਸ ਵਾਰ ਝੰਡੀ ਦੀ ਮੁੱਖ ਕੁਸ਼ਤੀ ਸ਼ਾਨਵੀਰ ਕੁਹਾਲੀ ਅਤੇ ਭੁਪਿੰਦਰ ਅਜਨਾਲਾ ਦਰਮਿਆਨ ਹੋਈ, ਜਿਸ ਵਿਚ ਸ਼ਾਨਵੀਰ ਕੁਹਾਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਇਸ ਜਿੱਤ ਲਈ ਪਹਿਲਵਾਨ ਨੂੰ ਸ਼ਾਨਵੀਰ ਕੁਹਾਲੀ ਨੂੰ 1ਲੱਖ 51 ਹਜ਼ਾਰ ਰੁਪਏ ਅਤੇ ਉਪ ਜੇਤੂ ਪਹਿਲਵਾਨ ਭੁਪਿੰਦਰ ਅਜਨਾਲਾ ਨੂੰ 1 ਲੱਖ 11 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਦੂਜੀ ਝੰਡੀ ਦਾ ਮੁਕਾਬਲਾ ਰੂਬਲ ਖੰਨਾ ਅਤੇ ਗੌਰਵ ਮਾਛੀਵਾੜਾ ਵਿਚਕਾਰ ਹੋਇਆ। ਇਹ ਮੁਕਾਬਲਾ ਕਾਫ਼ੀ ਫਸਵਾਂ ਰਿਹਾ ਅਤੇ ਪਹਿਲੇ 30 ਮਿੰਟਾਂ ਤਕ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ 6 ਮਿੰਟ ਪੁਆਇੰਟਾਂ ਦੇ ਆਧਾਰ ’ਤੇ ਕੁਸ਼ਤੀ ਕਰਵਾਈ ਗਈ, ਜਿੱਥੇ ਦੋਵੇਂ ਪਹਿਲਵਾਨ 2-2 ਅੰਕਾਂ ਨਾਲ ਬਰਾਬਰੀ ’ਤੇ ਰਹੇ। ਅਖੀਰ ਟਾਸ ਪਾਈ ਗਈ ਅਤੇ ਕਿਸਮਤ ਨੇ ਗੌਰਵ ਮਾਛੀਵਾੜਾ ਦਾ ਸਾਥ ਦਿੱਤਾ, ਜਿਸ ਕਾਰਨ ਇਹ ਕੁਸ਼ਤੀ ਗੌਰਵ ਦੇ ਹਿੱਸੇ ਆਈ। ਇਸ ਛਿੰਝ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਅੱਜ ਦੇ ਦੌਰ ਵਿਚ ਵੀ ਇੱਥੇ ਕੁਸ਼ਤੀਆਂ ਰਵਾਇਤੀ ਤਰੀਕੇ ਨਾਲ ਹੁੰਦੀਆਂ ਹਨ। ਅਖਾੜੇ ਵਿਚ ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕਿਸੇ ਰਾਜਸੀ ਵਿਅਕਤੀ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਜਾਂਦਾ ਹੈ। ਪਿੰਡ ਸਾਲਣਾ ਦੇ ਲੋਕ ਬਿਨਾਂ ਕਿਸੇ ਪਾਰਟੀਬਾਜ਼ੀ ਦੇ ਆਪਸੀ ਸਹਿਚਾਰ ਨਾਲ ਇਸ ਦੰਗਲ ਨੂੰ ਨੇਪਰੇ ਚਾੜ੍ਹਦੇ ਹਨ। ਖੇਡਾਂ ਤੋਂ ਪਹਿਲਾਂ ਪਿੰਡ ਵਿਚ ਤਿੰਨ ਦਿਨ ‘ਪੂਰਨ ਭਗਤ’ ਦਾ ਗਾਉਣ ਕਰਵਾਉਣ ਦੀ ਪੁਰਾਣੀ ਰੀਤ ਵੀ ਬਾਖ਼ੂਬੀ ਨਿਭਾਈ ਗਈ। ਇਲਾਕੇ ਦੇ ਲੋਕਾਂ ਵਿਚ ਇਸ ਮੇਲੇ ਪ੍ਰਤੀ ਇੰਨਾ ਉਤਸ਼ਾਹ ਹੁੰਦਾ ਹੈ ਕਿ ਉਹ ਆਪਣੀਆਂ ਸੁੱਖਾਂ ਪੂਰੀਆਂ ਹੋਣ ’ਤੇ ਪਹਿਲਵਾਨਾਂ ਨੂੰ ਦਾਨ ਕਰਦੇ ਹਨ ਅਤੇ ਪਹਿਲਵਾਨਾਂ ਤੋਂ ਆਪਣੇ ਨਵਜੰਮੇ ਬੱਚਿਆਂ ਨੂੰ ਗੁੜਤੀ ਦਵਾਉਂਦੇ ਹਨ। ਇਸ ਵਾਰ ਵੀ ਪਿੰਡ ਸਲਾਣਾ ਅਤੇ ਗੁਆਂਢੀ ਪਿੰਡ ਕਾਨਪੁਰ ਦੇ ਵਸਨੀਕਾਂ ਵੱਲੋਂ ਦੋ ਝੋਟੀਆਂ ਦਾਨ ਵਜੋਂ ਦਿੱਤੀਆਂ ਗਈਆਂ, ਜੋ ਜੇਤੂ ਪਹਿਲਵਾਨਾਂ ਨੂੰ ਭੇਟ ਕੀਤੀਆਂ ਗਈਆਂ। ਤੋਂ ਇਲਾਵਾ ਪਹਿਲਵਾਨਾਂ ਨੂੰ ਸੋਨੇ ਦੀਆਂ ਮੁੰਦਰੀਆਂ ਅਤੇ ਲੱਖਾਂ ਰੁਪਏ ਇਨਾਮ ਵਜੋਂ ਦਿੱਤੇ ਗਏ।