- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਵਿਚ ਦੂਜਾ ਰਾਸ਼ਟਰੀ ਮੂਟ ਕੋਰਟ ਮੁਕਾਬਲਾ 2026 ਸਮਾਪਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ ਦੂਜੇ ਰਾਸ਼ਟਰੀ ਮੂਟ ਕੋਰਟ ਮੁਕਾਬਲੇ 2026 ਦੇ ਤੀਜੇ ਅਤੇ ਆਖਰੀ ਦਿਨ ਦਾ ਸਫਲ ਸਮਾਪਨ ਵੱਡੇ ਉਤਸ਼ਾਹ ਤੇ ਅਕਾਦਮਿਕ ਉੱਤਮਤਾ ਨਾਲ ਕੀਤਾ ਗਿਆ। ਸਮਾਪਨ ਸਮਾਰੋਹ ਵਿੱਚ ਜਸਟਿਸ ਹਰਿੰਦਰ ਸਿੰਘ ਸਿੱਧੂ, ਸਾਬਕਾ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਜਸਟਿਸ ਸਬੀਨਾ, ਸਾਬਕਾ ਕਾਰਜਕਾਰੀ ਮੁੱਖ ਨਿਆਂਧੀਸ਼, ਹਿਮਾਚਲ ਪ੍ਰਦੇਸ਼ ਹਾਈ ਕੋਰਟ ਤੇ ਸਾਬਕਾ ਜੱਜ, ਰਾਜਸਥਾਨ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਜਸਟਿਸ ਹਰਿੰਦਰ ਸਿੰਘ ਸਿੱਧੂ ਨੇ ਆਪਣੇ ਵਿਚਾਰਾਂ ਵਿਚ ਕਾਨੂੰਨੀ ਪੇਸ਼ੇ ਦੀ ਨੈਤਿਕਤਾ ਉੱਤੇ ਜ਼ੋਰ ਦਿੱਤਾ। ਜਸਟਿਸ ਸਬੀਨਾ ਨੇ ਆਪਣੇ ਪ੍ਰੇਰਕ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਡਰ ਨੂੰ ਪ੍ਰੇਰਣਾ ’ਚ ਬਦਲਣ ਅਤੇ ਸਿੱਖਣ ਦੇ ਸਫਰ ਦੌਰਾਨ ਧੀਰਜ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਭਾਗੀਦਾਰਾਂ ਨੂੰ ਵਧਾਈ ਦਿੱਤੀ। ਕਾਰਜਕ੍ਰਮ ਦੀ ਸ਼ੁਰੂਆਤ ਯੂਨੀਵਰਸਿਟੀ ਸਕੂਲ ਆਫ ਲਾਅ ਦੀ ਮੁਖੀ ਅਤੇ ਡੀਨ ਪ੍ਰੋ. (ਡਾ.) ਅਮੀਤਾ ਕੌਸ਼ਲ ਵੱਲੋਂ ਸਵਾਗਤੀ ਸੰਬੋਧਨ ਨਾਲ ਹੋਈ, ਜਿਨ੍ਹਾਂ ਨੇ ਸਾਰੇ ਮਾਣਯੋਗ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ ਤੇ ਮੂਟ ਕੋਰਟ ਮੁਕਾਬਲਿਆਂ ਦੀ ਮਹੱਤਤਾ ਉੱਤੇ ਚਾਨਣ ਪਾਇਆ। ਮੁਕਾਬਲੇ ਦਾ ਅੰਤਿਮ ਰਾਊਂਡ ਸ਼ਾਨਦਾਰ ਅਦਾਲਤੀ ਮਾਹੌਲ ਵਿਚ ਕੀਤਾ ਗਿਆ, ਜਿਸ ਵਿਚ ਫਾਈਨਲਿਸਟ ਟੀਮਾਂ ਨੇ ਉੱਚ ਪੱਧਰੀ ਕਾਨੂੰਨੀ ਦਲੀਲਾਂ, ਖੋਜ ਅਤੇ ਵਕਾਲਤੀ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਰਾਊਂਡ ਦਾ ਮੁਲਾਂਕਣ ਐਡਵੋਕੇਟ ਹਰਪ੍ਰੀਤ ਸਿੰਘ ਮਲਤਾਨੀ, ਸਾਬਕਾ ਡਿਪਟੀ ਐਡਵੋਕੇਟ ਜਨਰਲ, ਪੰਜਾਬ ਅਤੇ ਹਰਿਆਣਾ ਅਤੇ ਮੈਂਬਰ, ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ, ਅਤੇ ਐਡਵੋਕੇਟ ਗੁਰਤੇਜ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ’ਤੇ ਐਡਵੋਕੇਟ ਹਰਵਿੰਦਰ ਸਿੰਘ ਮਾਨ, ਐਡਵੋਕੇਟ ਸਰਬਜੀਤ ਸਿੰਘ, ਐਡਵੋਕੇਟ ਆਕਾਸ਼ਦੀਪ ਸਿੰਘ, ਐਡਵੋਕੇਟ ਕਿਰਨਦੀਪ ਕੌਰ ਬਲੱਗਣ ਅਤੇ ਐਡਵੋਕੇਟ ਅਮ੍ਰਿਤਪਾਲ ਸਿੰਘ ਵੀ ਮੌਜੂਦ ਸਨ। ਮੁਕਾਬਲੇ ਵਿਚ ਦੇਸ਼ ਭਰ ਤੋਂ ਕੁੱਲ 16 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ’ਚੋਂ 8 ਟੀਮਾਂ ਕਵਾਰਟਰ ਫਾਈਨਲ ਲਈ, 4 ਟੀਮਾਂ ਸੈਮੀ ਫਾਈਨਲ ਲਈ ਅਤੇ 2 ਟੀਮਾਂ ਫਾਈਨਲ ਲਈ ਚੁਣੀਆਂ ਗਈਆਂ। ਵਿਜੇਤਾ ਟੀਮ ਨੰਬਰ ਯੂਅਐਸਓਐਲ 14, ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟਡੀਜ਼ (ਯੂਆਈਐਲਐਸ), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਟ੍ਰੋਫੀ ਅਤੇ 21,000 ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਗਿਆ। ਰਨਰ-ਅੱਪ ਟੀਮ ਨੰਬਰ ਯੂ ਅਐਸ ਓ ਐਲ 10, ਲਾਅ ਕਾਲਜ ਦੇਹਰਾਦੂਨ, ਉੱਤਰਾਂਚਲ ਯੂਨੀਵਰਸਿਟੀ ਨੂੰ ਟ੍ਰੋਫੀ ਅਤੇ 7,000 ਦੀ ਨਕਦ ਰਕਮ ਪ੍ਰਦਾਨ ਕੀਤੀ ਗਈ।