ਹੋਲੇ ਮਹੱਲੇ ਨੂੰ ਸਮਰਪਿਤ ‘ਸੰਵਾਦ-2’ ਦੀ ਹੋਈ ਸ਼ੁਰੂਆਤ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ‘ਸੰਵਾਦ-2’ ਦੀ ਹੋਈ ਸ਼ੁਰੂਆਤ
Publish Date: Sat, 14 Mar 2026 05:44 PM (IST)
Updated Date: Sun, 15 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ ਯ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਹੋਲੇ ਮਹੱਲੇ ਨੂੰ ਸਮਰਪਿਤ ਦੂਜੇ ਦੋ ਰੋਜ਼ਾ ਕੌਮੀ ਅੰਤਰ-ਅਨੁਸ਼ਾਸਨੀ ਸੰਵਾਦ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਸਿੱਖ ਧਰਮ ਅਤੇ ਸੱਭਿਆਚਾਰ ਦੀਆਂ ਪਰੰਪਰਾਵਾਂ ਨੂੰ ਅਕਾਦਮਿਕ ਵਿਚਾਰ, ਸਾਹਿਤਕ ਸੰਵੇਦਨਾ ਅਤੇ ਕਲਾਤਮਕ ਪ੍ਰਗਟਾਵੇ ਰਾਹੀਂ ਪੇਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਇਕ ਮਹੱਤਵਪੂਰਨ ਪੁਰਬ ਹੈ, ਜੋ ਚੜ੍ਹਦੀਕਲਾ, ਅਨੁਸ਼ਾਸਨ, ਸੇਵਾ ਅਤੇ ਸਾਂਝੀ ਜੀਵਨ ਦ੍ਰਿਸ਼ਟੀ ਦਾ ਪ੍ਰਤੀਕ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ. ) ਸੁਖਵਿੰਦਰ ਸਿੰਘ ਬਿਲਿੰਗ ਨੇ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈਆਂ ਬੀਬੀ ਹਰਜਿੰਦਰ ਕੌਰ, ਐਗਜ਼ਿਕਿਊਟਿਵ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਨੀਵਰਸਿਟੀ ਦੇ ਇਸ ਉਪਰਾਲੇ ਨੂੰ ਸਾਰਥਕ ਦੱਸਦਿਆਂ ਕਿਹਾ ਕਿ ਨਵੀਂ ਪੀੜੀ ਨੂੰ ਅਕਾਦਮਿਕ ਮਾਧਿਅਮ ਰਾਹੀਂ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨਾ ਸ਼ਲਾਘਾਯੋਗ ਕਦਮ ਹੈ। ਸਮਾਗਮ ਦੇ ਉਦਘਾਟਨੀ ਵਕਤਾ ਪ੍ਰੋ. (ਡਾ. ) ਹਰਭਜਨ ਸਿੰਘ, ਸਾਬਕਾ ਡਾਇਰੈਕਟਰ, ਡਾ. ਬਲਵੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਨੇ ਕਿਹਾ ਕਿ ਹੋਲਾ ਮਹੱਲਾ ਨਾ ਸਿਰਫ਼ ਰੂਹਾਨੀ ਸਗੋਂ ਲੌਕਿਕ ਪੱਖੋਂ ਵੀ ਸਿੱਖੀ ਨੂੰ ਵਿਸ਼ਵ ਧਰਮ ਵਿਚ ਇਕ ਵਿਲੱਖਣ ਪਛਾਣ ਦਿਵਾਉਂਦਾ ਹੈ। ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਦੇ ਕਨਵੀਨਰ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਵਿਚਾਰ ਗੋਸ਼ਟੀ ਸੈਸ਼ਨ ਦੌਰਾਨ ‘ਸਿੱਖਿਆ ਦੇ ਵਪਾਰੀਕਰਨ’ ਵਿਸ਼ੇ ’ਤੇ ਪ੍ਰੋ. ਜਗਦੀਪ ਸਿੰਘ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਕਾਨ ਸਿੰਘ ਪੰਨੂ, ਸੇਵਾ ਮੁਕਤ ਆਈਏਐਸ , ਪੰਜਾਬ ਸਰਕਾਰ ਅਤੇ ਪ੍ਰੋ. (ਡਾ. ) ਪਰਿਤ ਪਾਲ ਸਿੰਘ, ਵਾਈਸ-ਚਾਂਸਲਰ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਗੰਭੀਰ ਚਰਚਾ ਕੀਤੀ ਗਈ। ਇਸ ਦੌਰਾਨ ਮੋਡਰੇਟਰ ਦੀ ਭੂਮਿਕਾ ਉਭਰਦੇ ਪੱਤਰਕਾਰ ਹਰਪ੍ਰੀਤ ਸਿੰਘ ਕਾਹਲੋਂ ਨੇ ਨਿਭਾਈ। ਇਸ ਦੌਰਾਨ ਤਿੰਨਾਂ ਵਿਸ਼ੇ ਮਾਹਰਾਂ ਨੇ ਸਿੱਖਿਆ ਪ੍ਰਣਾਲੀ ਦੇ ਵਪਾਰੀਕਰਨ ਕਾਰਨ ਡਿੱਗਦੇ ਮਿਆਰਾਂ, ਖੁਰ ਰਹੇ ਸੱਭਿਆਚਾਰ ਅਤੇ ਵਿਦਿਆ ਵਿੱਚੋਂ ਅਲੋਪ ਹੋ ਰਹੇ ਲੋਕ-ਸਰੋਕਾਰਾਂ ਉੱਤੇ ਚਿੰਤਾ ਜਤਾਉਂਦਿਆਂ ਸਮਾਜ ਵਿਚ ਚੇਤਨਤਾ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਦੀ ਕੋਆਰਡੀਨੇਟਰ ਡਾ. ਨਵ ਸ਼ਗਨ ਦੀਪ ਕੌਰ, ਮੁਖੀ ਸਮਾਜ ਸ਼ਾਸਤਰ ਵਿਭਾਗ ਨੇ ਦੱਸਿਆ ਕਿ ਪੁਸਤਕ ਪੜਚੋਲ ਸੈਸ਼ਨ ਦੌਰਾਨ ਪ੍ਰੋ. ਮੰਜੂ ਮਲਹੋਤਰਾ, ਸਾਬਕਾ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸ. ਕੋਮਲ ਜੇਬੀ ਸਿੰਘ ਦੀ ਪ੍ਰਸਿੱਧ ਰਚਨਾ ‘ਐਨ ਇਨਵਿਜ਼ਿਬਲ ਮਾਈਨੋਰਟੀ: ਦ ਹਿਸਟਰੀ, ਸੋਸਾਇਟੀ ਐਂਡ ਪਾਲਿਟਿਕਸ ਆਫ ਸਿੱਖਸ ਇਨ ਕਸ਼ਮੀਰ’ ਦੀ ਸਮੀਖਿਆ ਪੇਸ਼ ਕੀਤੀ ਗਈ, ਜਦਕਿ ਡਾ. ਤਰਲੋਚਨ ਸਿੰਘ ਮਹਾਜਨ, ਸਾਬਕਾ ਪ੍ਰੋਫੈਸਰ, ਖਾਲਸਾ ਕਾਲਜ ਪਟਿਆਲਾ ਵੱਲੋਂ ਨਰਿੰਦਰ ਸਿੰਘ ਕਪਾਨੀ ਦੀ ਜੀਵਨੀਮੂਲਕ ਰਚਨਾ “ਦ ਮੈਨ ਹੂ ਬੈਂਟ ਲਾਈਟ’ ਦੀ ਪੜਚੋਲ ਕੀਤੀ ਗਈ। ਸੈਸ਼ਨ ਨੂੰ ਕੋਆਰਡੀਨੇਟ ਕਰਦਿਆਂ ਡਾ. ਰਮਨਦੀਪ ਕੌਰ, ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਨੇ ਵਿਚਾਰ ਚਰਚਾ ਉੱਤੇ ਤਸੱਲੀ ਪ੍ਰਗਟ ਕੀਤੀ। ਵਿਰਾਸਤੀ ਸੰਗੀਤ ਸੈਸ਼ਨ ਦੌਰਾਨ ਸੰਗੀਤ ਵਿਭਾਗ ਦੇ ਮੁਖੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਵਿਰਸੇ ਵਿਚ ਸੰਗੀਤ ਦੇ ਮਹੱਤਵ ਉੱਤੇ ਚਾਨਣਾ ਪਾਇਆ ਗਿਆ। ਇਸ ਮੌਕੇ ਭਾਈ ਮਨਪ੍ਰੀਤ ਸਿੰਘ ਅਤੇ ‘ਦ ਫੋਕ ਟਰਿਬਿਊਨ’ ਜਥੇ ਵੱਲੋਂ ਵਾਰ ਪੇਸ਼ ਕੀਤੀ ਗਈ, ਬੀਬੀ ਸੁਸ਼ਮੀਤ ਕੌਰ ਵੱਲੋਂ ਦਿਲਰੁਬਾ ਵਾਦਨ ਕੀਤਾ ਗਿਆ ਅਤੇ ਸੰਗੀਤ ਵਿਭਾਗ ਦੀਆਂ ਬੀਬੀ ਰਵਿੰਦਰ ਕੌਰ, ਬੀਬੀ ਲਖਵਿੰਦਰ ਕੌਰ, ਬੀਬੀ ਹਰਵਿੰਦਰ ਕੌਰ ਅਤੇ ਸ਼ਬਨਮ ਵੱਲੋਂ ਘੋੜੀਆਂ ਬਾਣੀ ਦਾ ਲੋਕ-ਗਾਇਨ ਸ਼ੈਲੀ ਰੂਪ ਪੇਸ਼ ਕੀਤਾ ਗਿਆ। ਵੱਖ-ਵੱਖ ਸੈਸ਼ਨਾਂ ਵਿਚ ਸ਼ਮੂਲੀਅਤ ਕਰਦਿਆਂ ਰਜਿਸਟਰਾਰ ਪ੍ਰੋ. (ਡਾ. ) ਤੇਜ਼ਬੀਰ ਸਿੰਘ ਅਤੇ ਡੀਨ ਰਿਸਰਚ ਪ੍ਰੋ. (ਡਾ. ) ਨਵਦੀਪ ਕੌਰ ਨੇ ਸਮਾਗਮ ਨੂੰ ਅਰਥਪੂਰਣ ਕਰਾਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਆਈਕਿਊਏਸੀ ਡਾ. ਅੰਕਦੀਪ ਕੌਰ ਅਟਵਾਲ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਡੀਨ ਸਿੱਖਿਆ ਵਿਭਾਗ ਡਾ. ਹਰਨੀਤ ਬਿਲਿੰਗ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ, ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਰਾਹੁਲ ਬਦਰੂ, ਯੂਨੀਵਰਸਿਟੀ ਲੋਕ ਸੰਪਰਕ ਅਫ਼ਸਰ ਜਸਪ੍ਰੀਤ ਕੌਰ, ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਜਸਪ੍ਰੀਤ ਕੌਰ, ਡਾ. ਰਮਨਦੀਪ ਕੌਰ ਸਿੱਧੂ, ਡਾ. ਅਜੈਪਾਲ ਸਿੰਘ, ਡਾ. ਪਲਵਿੰਦਰ ਕੌਰ, ਡਾ. ਦੀਪਕ ਕੁਮਾਰ, ਡਾ. ਨਵਦੀਪ ਸਿੰਘ ਅਤੇ ਡਾ. ਬਿੰਦਰ ਸਿੰਘ ਸਮੇਤ ਹੋਰ ਮੌਜੂਦ ਸਨ। ਫ਼ੋਟੋ ਕੈਪਸ਼ਨ: ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।