ਔਰਤਾਂ ਦੇ ਅਧਿਕਾਰਾਂ ਬਾਰੇ ਕੀਤਾ ਜਾਗਰੂਕ
ਸਖੀ ਵਨ ਸਟਾਪ ਸੈਂਟਰ ਵੱਲੋਂ ਬੱਸੀ ਪਠਾਣਾ ਵਿਚ ਔਰਤਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਸੈਮੀਨਾਰ
Publish Date: Sat, 21 Feb 2026 04:47 PM (IST)
Updated Date: Sat, 21 Feb 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਔਰਤਾਂ ਦੀ ਸੁਰੱਖਿਆ, ਆਤਮਸਮਰਥਨ ਤੇ ਨਿਆਂ ਤਕ ਪਹੁੰਚ ਨੂੰ ਮਜ਼ਬੂਤ ਕਰਨ ਲਈ ਸਖੀ ਵਨ ਸਟਾਪ ਸੈਂਟਰ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਬੱਸੀ ਪਠਾਣਾ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿਚ ਬਲਾਕ ਬੱਸੀ ਪਠਾਣਾ ਦੇ ਪੰਚਾਇਤ ਮੈਂਬਰਾਂ, ਅਧਿਆਪਕਾਂ, ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ ਤੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਕਾਨੂੰਨੀ ਅਧਿਕਾਰਾਂ ਤੇ ਸਖੀ ਵਨ ਸਟਾਪ ਸੈਂਟਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੂਰਤਨ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਅਧੀਨ ਚੱਲ ਰਿਹਾ ਸਖੀ ਵਨ ਸਟਾਪ ਸੈਂਟਰ ਹਿੰਸਾ ਪੀੜਤ ਔਰਤਾਂ ਲਈ ਇੱਕੋ ਥਾਂ ਤੇ ਤੁਰੰਤ, ਮੁਫ਼ਤ ਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਦਾ ਹੈ। ਇਨ੍ਹਾਂ ਵਿਚ ਪੁਲਿਸ ਸਹਾਇਤਾ, ਡਾਕਟਰੀ ਜਾਂਚ ਤੇ ਇਲਾਜ, ਸਾਇਕੋ ਸੋਸ਼ਲ ਸਹਾਇਤਾ, ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ, ਅਸਥਾਈ ਆਵਾਸ ਸਹੂਲਤ (ਵੱਧ ਤੋਂ ਵੱਧ 10 ਦਿਨ) ਸ਼ਾਮਲ ਹਨ।
ਸੈਮੀਨਾਰ ਦੌਰਾਨ ਸਖੀ ਸੈਂਟਰ ਦੀ ਇੰਚਾਰਜ ਰਜਨੀ ਬਾਲਾ ਨੇ ਕੇਂਦਰ ਦੀ ਭੂਮਿਕਾ ਤੋਂ ਇਲਾਵਾ ਹਿੰਸਾ ਦੀਆਂ ਕਿਸਮਾਂ, ਰਿਪੋਰਟ ਕਰਨ ਦੇ ਤਰੀਕੇ ਤੇ ਕਾਨੂੰਨੀ ਹੱਕਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਪੋਕਸੋ ਐਕਟ, ਪੰਜਾਬ ਸਰਕਾਰ ਦੇ ਨਵੇਂ ‘ਹਿਫਾਜ਼ਤ’ ਪ੍ਰਾਜੈਕਟ ਤੇ ਵੂਮੈਨ ਹੈਲਪਲਾਈਨ ਨੰਬਰ 181 ਤੇ ਐਮਰਜੈਂਸੀ ਨੰਬਰ 112 ਦੀ ਵਰਤੋਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੀ ਐਮਰਜੈਂਸੀ ਇਮਾਰਤ ਵਿਚ ਸਥਿਤ ਹੈ ਤੇ ਪੀੜਤ ਔਰਤਾਂ 01763-233054, 99881-00415 ਤੇ 77107-58976 ਨੰਬਰਾਂ ’ਤੇ ਸੰਪਰਕ ਕਰ ਸਕਦੀਆਂ ਹਨ।