ਸ਼ਹੀਦੀ ਸਮਾਗਮਾਂ ਮਗਰੋਂ ਮਿਸਲ ਸਤਲੁਜ ਵੱਲੋਂ ਰਸਤਿਆਂ ਦੀ ਸਫ਼ਾਈ ਮੁਹਿੰਮ
ਸ਼ਹੀਦੀ ਸਮਾਗਮਾਂ ਮਗਰੋਂ ਮਿਸਲ ਸਤਲੁਜ ਵੱਲੋਂ ਰਸਤਿਆਂ ਦੀ ਸਫ਼ਾਈ ਮੁਹਿੰਮ
Publish Date: Wed, 07 Jan 2026 04:57 PM (IST)
Updated Date: Wed, 07 Jan 2026 05:00 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਮਿਸਲ ਸਤਲੁਜ ਵੱਲੋਂ ਸੰਗਤ ਦੀ ਸਹੂਲਤ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਗੁਰਦੁਆਰਾ ਆਲੇ-ਦੁਆਲੇ ਦੇ ਮੁੱਖ ਤੇ ਸਹਾਇਕ ਰਸਤਿਆਂ ਦੀ ਦੂਜੇ ਗੇੜ ਦੀ ਵਿਸ਼ਾਲ ਸੇਵਾ ਮੁਹਿੰਮ ਚਲਾਈ ਗਈ। ਲੱਖਾਂ ਸੰਗਤਾਂ ਦੇ ਆਉਣ-ਜਾਣ ਕਾਰਨ ਰਸਤਿਆਂ ਤੇ ਜਮ੍ਹਾਂ ਹੋਏ ਕੂੜੇ-ਕਰਕਟ ਤੇ ਪਲਾਸਟਿਕ ਨੂੰ ਨੌਜਵਾਨ ਸੇਵਾਦਾਰਾਂ ਨੇ ਪੂਰੇ ਜੋਸ਼ ਤੇ ਅਨੁਸ਼ਾਸਨ ਨਾਲ ਸਾਫ਼ ਕੀਤਾ। ਇਸ ਨਾਲ ਆਵਾਜਾਈ ਸੁਚਾਰੂ ਹੋ ਗਈ ਅਤੇ ਇਲਾਕੇ ਵਿਚ ਸਾਫ਼-ਸੁਥਰਾ ਵਾਤਾਵਰਣ ਬਣਾਇਆ ਗਿਆ। ਸੇਵਾਦਾਰਾਂ ਨੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਪ੍ਰਸ਼ਾਸਨ ਨਾਲ ਵੀ ਸਹਿਯੋਗ ਕੀਤਾ ਤੇ ਸੰਗਤ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਮਿਸਲ ਸਤਲੁਜ ਦੇ ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ‘ਅਲਾਲ’ ਨੇ ਦੱਸਿਆ ਕਿ ਸੰਸਥਾ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਦੇ ਨਿਰਦੇਸ਼ਾਂ ਤੇ ਯੂਥ ਵਿੰਗ ਨੇ ਇਹ ਸੇਵਾ ਨਿਭਾਈ। ਉਨ੍ਹਾਂ ਕਿਹਾ ਕਿ ਸੇਵਾ ਸਿੱਖ ਧਰਮ ਦੀ ਅਸਲ ਪਛਾਣ ਹੈ ਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਸੇਵਾ ਰਾਹੀਂ ਹੀ ਦਿੱਤੀ ਜਾ ਸਕਦੀ ਹੈ। ਯਾਦੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੇ ਗ਼ਲਤ ਰਾਹਾਂ ਤੋਂ ਦੂਰ ਰਹਿਣ ਅਤੇ ਧਾਰਮਿਕ ਤੇ ਸਮਾਜਕ ਸੇਵਾ ਨਾਲ ਜੁੜਨ।