- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਮਰੀਕੀ ਵਪਾਰ ਵਫ਼ਦ ਵਾਪਸ ਭੇਜਣ ਦੀ ਮੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਮੀਟਿੰਗ ਕੌਮੀ ਪ੍ਰਧਾਨ ਡਾ. ਦਰਸ਼ਨਪਾਲ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ’ਚ ਲਖਵੀਰ ਸਿੰਘ ਗੋਲੂ ਪੰਜੌਲੀ ਨੂੰ ਜ਼ਿਲ੍ਹਾ ਜਥੇਬੰਦਕ ਸਕੱਤਰ ਚੁਣਿਆ ਗਿਆ। ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ ਇਕ ਖ਼ਬਰ ਮੁਤਾਬਕ ਅਮਰੀਕੀ ਸਰਕਾਰ ਦਾ ਇਕ ਅਧਿਕਾਰਤ ਵਪਾਰ ਵਫ਼ਦ ਪੰਜ ਦਿਨਾਂ ਲਈ ਭਾਰਤ ਦੌਰੇ ’ਤੇ ਆ ਰਿਹਾ ਹੈ। ਇਸ ਵਫ਼ਦ ਦਾ ਮਕਸਦ ਭਾਰਤ ਅਮਰੀਕਾ ਵਿਚਕਾਰ ਦੁਵੱਲਾ ਵਪਾਰ ਸਮਝੌਤਾ ਸਿਰੇ ਚਾੜ੍ਹਨਾ ਹੈ। ਇਸ ਤਹਿਤ ਅਮਰੀਕੀ ਵਸਤਾਂ ਤੇ ਭਾਰਤ ਵਿਚ ਟੈਕਸਾਂ ਵਿਚ ਭਾਰੀ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਤੇ ਦੋ ਅਪ੍ਰੈਲ ਤੋਂ ਭਾਰੀ ਟੈਕਸ ਲਾਉਣ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ ਅਤੇ ਇਸ ਦਬਾਅ ਰਾਹੀਂ ਭਾਰਤ ਸਰਕਾਰ ਦੀ ਬਾਂਹ ਮਰੋੜ ਕੇ ਸਮਝੌਤਾ ਲਾਗੂ ਕਰਵਾਇਆ ਜਾ ਰਿਹਾ ਹੈ। ਡਾ. ਦਰਸ਼ਨਪਾਲ ਨੇ ਇਲਜ਼ਾਮ ਲਾਇਆ ਕਿ ਮੋਦੀ ਹਕੂਮਤ ਆਪਣੇ ਦਲਾਲ ਕਿਰਦਾਰ ਕਾਰਨ ਅਮਰੀਕੀ ਸਾਮਰਾਜ ਅੱਗੇ ਵਿਛ ਰਹੀ ਹੈ ਅਤੇ ਵਣਜ ਮੰਤਰੀ ਪਿਊਸ਼ ਗੋਇਲ ਇਸ ਸਮਝੌਤੇ ਦੇ ਗੁਣ ਗਾਣ ਕਰਦਾ ਫਿਰ ਰਿਹਾ ਹੈ। ਉਹ ਪਿਛਲੇ ਹਫ਼ਤੇ ਅਮਰੀਕਾ ਜਾ ਕੇ ਵੀ ਇਸੇ ਮੁੱਦੇ ਤੇ ਚਰਚਾ ਕਰਕੇ ਵਾਪਸ ਆਇਆ ਹੈ। ਇਸ ਸਮਝੌਤੇ ਵਿਚ ਖੇਤੀ ਖੇਤਰ ਨਾਲ ਸਬੰਧਤ ਵਸਤਾਂ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਸਮਝੌਤਾ ਲਾਗੂ ਹੋਣ ਨਾਲ ਮੀਟ, ਅਖਰੋਟ, ਅਮਰੀਕੀ ਵਿਸਕੀ, ਫੈਟ ਮੁਕਤ ਦੁੱਧ, ਸੋਇਆਬੀਨ, ਮੱਕੀ, ਕਣਕ ਤੇ ਪੋਲਟਰੀ ਡੇਅਰੀ ਖੇਤਰ ਦੀਆਂ ਅਮਰੀਕੀ ਵਸਤਾਂ ਤੇ ਭਾਰਤ ਵਿਚ ਟੈਕਸ ਘਟਾਉਣੇ ਪੈਣਗੇ ਅਤੇ ਇਨ੍ਹਾਂ ਦੀ ਭਾਰਤੀ ਮੰਡੀ ਵਿਚ ਸਰਦਾਰੀ ਹੋ ਜਾਵੇਗੀ। ਕਈ ਫਸਲਾਂ ਤੇ ਲੱਗੀ ਪਾਬੰਦੀ ਵੀ ਹਟਾਈ ਜਾਵੇਗੀ ਜਿਸ ਨਾਲ ਭਾਰਤੀ ਖੇਤੀ ਖੇਤਰ ਵਿਚ ਸੰਕਟ ਹੋਰ ਡੂੰਘਾ ਹੋਵੇਗਾ ਅਤੇ ਕਿਸਾਨਾਂ ਦੀਆਂ ਫਸਲਾਂ ਹੋਰ ਸਸਤੀਆਂ ਲੁੱਟੀਆਂ ਜਾਣਗੀਆਂ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਭਾਰਤ ਆਇਆ ਅਮਰੀਕੀ ਵਪਾਰ ਵਫ਼ਦ ਵਾਪਸ ਭੇਜਿਆ ਜਾਵੇ। ਮੀਟਿੰਗ ਵਿਚ ਸੂਬਾ ਮੀਤ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਸੂਬਾ ਖਜਾਨਚੀ ਰਣਜੀਤ ਸਿੰਘ ਚਨਾਰਥਲ, ਪ੍ਰੈਸ ਸਕੱਤਰ ਹਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਜਰਨਲ ਸਕੱਤਰ ਜਸਵੀਰ ਸਿੰਘ ਚਨਾਰਥਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨੌਲੱਖਾ, ਨਿਰਮਲ ਸਿੰਘ ਰੁੜਕੀ, ਬਲਦੀਪ ਸਿੰਘ ਬਧੌਛੀ, ਪਰਮਵੀਰ ਸਿੰਘ ਸੀੜ੍ਹਾ, ਜਸਵੀਰ ਸਿੰਘ ਭੱਦਲਥੂਹਾ, ਜਸਪਾਲ ਸਿੰਘ ਲਟੋਰ, ਗੁਰਜੀਤ ਸਿੰਘ ਧਤੌਦਾ, ਦਰਸ਼ਨ ਸਿੰਘ, ਅਵਤਾਰ ਸਿੰਘ ਕੌਰਜੀਵਾਲਾ, ਦਲਵੀਰ ਸਿੰਘ, ਈਸ਼ਰ ਸਿੰਘ, ਬਲਵੰਤ ਸਿੰਘ ਮਾਨ, ਮਾਸਟਰ ਰਾਜ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ ਬਧੌਛੀ, ਹਰਬੰਸ ਸਿੰਘ, ਸ਼ਿੰਦਰ ਸਿੰਘ ਪੰਡਰਾਲੀ, ਮੋਹਨ ਸਿੰਘ, ਗੁਰਮੇਲ ਸਿੰਘ ਸੁਹਾਗਹੇੜੀ, ਜਸਵੀਰ ਸਿੰਘ ਰਘੇੜੀ, ਰਾਜੂ ਜਾਲਖੇੜੀ, ਗੋਲੂ ਪੰਜੌਲੀ, ਗੁਰਦੀਪ ਸਿੰਘ, ਜਰਨੈਲ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਲ ਹੋਏ।