- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸੈਂਪਲੀ ਵਾਸੀਆਂ ਨੇ ਲੇਖਿਕਾ ਪਰਮਜੀਤ ਕੌਰ ਸਰਹਿੰਦ ਨੂੰ ਕੀਤਾ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪਿੰਡ ਸੈਂਪਲੀ ਦੇ ਸਾਹਿਤ ਪ੍ਰੇਮੀਆਂ ਨੇ ਪਿੰਡ ਦੀ ਧੀ ਲੇਖਿਕਾ ਪਰਮਜੀਤ ਕੌਰ ਸਰਹਿੰਦ ਨੂੰ ਸਨਮਾਨਿਤ ਕੀਤਾ। ਇਹ ਸਮਾਗਮ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਹੋਇਆ ਜਿੱਥੇ ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਸ੍ਰੀ ਫਤਹਿਗੜ੍ਹ ਸਾਹਿਬ ਅਤੇ ਪਰਮਜੀਤ ਕੌਰ ਸਰਹਿੰਦ ਦੇ ਪਰਿਵਾਰ ਵੱਲੋਂ ‘ਸ. ਊਧਮ ਸਿੰਘ ਮੈਨੇਜਰ ਯਾਦਗਾਰੀ ਸਨਮਾਨ’ ਦਿੱਤਾ ਗਿਆ। ਨਗਰ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਵੱਡੇ ਆਕਾਰ ਦਾ ਸਨਮਾਨ ਪੱਤਰ, ਸ਼ਾਲ ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪੋਤਰੇ ਪੂਨਮ ਪ੍ਰਤੀਕ ਸਿੰਘ ਨੂੰ ਦਸਤਾਰ, ਨੂੰਹ ਰੁਪਿੰਦਰਜੀਤ ਕੌਰ ਰਵੀ, ਪੋਤਰੀ ਸਾਹਿਬ ਸਵਾਬ ਕੌਰ ਤੇ ਧੀਆਂ ਸਨਦੀਪ ਕੌਰ ਤੇ ਮਨਦੀਪ ਕੌਰ ਨੂੰ ਵੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਨੇ ਸਾਹਿਤਕ ਖੇਤਰ ਵਿੱਚ ਨਵਾਂ ਕੰਮ ਕੀਤਾ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਉਜਾਗਰ ਕੀਤਾ। ਪਿੰਡ ਵਾਸੀਆਂ ਨੇ ਇਸ ਨੂੰ ਪਿੰਡ ਦੀ ਧੀ ਨੂੰ ਮਾਣ ਦੇਣ ਵਾਲੀ ਪੁਰਾਤਨ ਰੀਤ ਵਜੋਂ ਅੱਗੇ ਵਧਾਇਆ। ਪਰਮਜੀਤ ਕੌਰ ਸਰਹਿੰਦ ਨੇ ਆਪਣੇ ਪੇਕੇ ਪਿੰਡ ਬਾਰੇ ਪੁਸਤਕ ‘ਬਾਬਲ ਤੇਰਾ ਪਿੰਡ ਲੰਘ ਕੇ’ ਲਿਖੀ ਹੈ ਜਿਸ ਵਿੱਚ ਪਿੰਡ ਦਾ ਪਿਛੋਕੜ ਅਤੇ ਪ੍ਰਾਪਤੀਆਂ ਦਾ ਵਿਸਥਾਰ ਨਾਲ ਵਰਣਨ ਹੈ।
ਸਮਾਗਮ ਦੌਰਾਨ ਮੰਚ ਸੰਚਾਲਨ ਸਤਿੰਦਰਪਾਲ ਸਿੰਘ ਏਪੀਅਰਓ ਨੇ ਕੀਤਾ। ਸਨਮਾਨ ਪੱਤਰ ਸਭਾ ਦੇ ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਪੜ੍ਹੇ। ਪ੍ਰੋਗਰਾਮ ਦਾ ਆਗਾਜ਼ ਮੈਨੇਜਰ ਊਧਮ ਸਿੰਘ ਦੇ ਵੱਡੇ ਭਰਾ ਸੇਵਾ ਮੁਕਤ ਐਕਸੀਅਨ ਗੁਰਦੇਵ ਸਿੰਘ ਨੇ ਕੀਤਾ ਅਤੇ ਸਭਾ ਦੇ ਸਰਪ੍ਰਸਤ ਲਾਲ ਮਿਸਤਰੀ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਦਿਲਮੇਘ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਮੁੱਖ ਵਕਤਾ ਵਜੋਂ ਕਰਨੈਲ ਸਿੰਘ ਪੀਰਮੁਹੰਮਦ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਪ੍ਰਿਤਪਾਲ ਸਿੰਘ ਜੱਸੀ ਵੀ ਮੌਜੂਦ ਸਨ।
ਸਨਮਾਨ ਕਰਨ ਵਾਲੀ ਟੀਮ ਦੇ ਮੋਹਰੀ ਕਰਮਿੰਦਰ ਸਿੰਘ ਧਾਲੀਵਾਲ, ਉਨ੍ਹਾਂ ਦੀ ਪਤਨੀ ਤਰਲੋਚਨ ਕੌਰ, ਪੋਤਰੀ ਹਰਸਹਿਜ ਕੌਰ ਅਤੇ ਸਮੂਹ ਪਰਿਵਾਰ ਨੇ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਮੇਜਰ ਕੁਰੈਸ਼ੀ, ਪ੍ਰਵੀਨ ਕੁਰੈਸ਼ੀ, ਰਵਿੰਦਰ ਕੌਰ, ਪਰਮਿੰਦਰ ਕੌਰ ਪਰਿੰਸੀ ਅਤੇ ਹੋਰ ਸਖੀਆਂ ਸਹੇਲੀਆਂ ਨੇ ਸ਼ਿਰਕਤ ਕੀਤੀ। ਲੇਖਿਕਾ ਦੀਆਂ ਬਚਪਨ ਦੀਆਂ ਸਹੇਲੀਆਂ ਅਮਰਜੀਤ ਕੌਰ ਤੇ ਪ੍ਰੇਮਜੀਤ ਕੌਰ ਪਟਿਆਲਾ ਤੋਂ ਅਤੇ ਗੁਰਮੀਤ ਕੌਰ ਖੇੜਾ ਹੰਸਾਲੀ ਤੋਂ ਪੁੱਜੀਆਂ। ਸ਼ਰੀਕੇ-ਭਾਈਚਾਰੇ ਵਿੱਚੋਂ ਬਲਬੀਰ ਕੌਰ ਨੇ ਪਰਿਵਾਰ ਸਮੇਤ ਹਾਜ਼ਰੀ ਭਰੀ। ਪਿੰਡ ਰੁੜਕੀ ਤੋਂ ਤਰਲੋਚਨ ਸਿੰਘ, ਸੁਰਿੰਦਰ ਕੌਰ, ਪ੍ਰੀਤ ਅਤੇ ਸੰਧੂ ਪਰਿਵਾਰ ਨੇ ਵੀ ਸ਼ਾਮਲ ਹੋਏ। ਲੇਖਿਕਾ ਦੇ ਮੂੰਹ ਬੋਲੇ ਭਰਾ ਰਜਿੰਦਰ ਸਿੰਘ ਪਾਤੜਾਂ ਤੋਂ ਅਤੇ ਦਰਸ਼ਨ ਸਿੰਘ ਸ਼ਾਹਬਾਦ ਹਰਿਆਣਾ ਤੋਂ ਪੁੱਜੇ। ਉਨ੍ਹਾਂ ਦੀਆਂ ਨੂੰਹਾਂ ਰਿਪੂਦਮਨ ਕੌਰ ਰਿੰਪੀ ਅਤੇ ਅਮਨ ਨੇ ਵੀ ਸ਼ਿਰਕਤ ਕੀਤੀ। ਸਵ. ਭਾਈ ਜੋਗਾ ਸਿੰਘ ਦਾ ਪੁੱਤਰ ਸੁਖਵਿੰਦਰ ਸਿੰਘ ਤੇ ਨੂੰਹ ਤਰਲੋਚਨ ਕੌਰ ਨੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ। ਮੈਨੇਜਰ ਊਧਮ ਸਿੰਘ ਦੇ ਵੱਡੇ ਭਰਾ ਗੁਰਦੇਵ ਸਿੰਘ, ਪਤਨੀ ਜਸਪਾਲ ਕੌਰ ਅਤੇ ਛੋਟੇ ਭਰਾ ਸਵ. ਕੁਲਦੀਪ ਸਿੰਘ ਦੀ ਪਤਨੀ ਜਸਵੰਤ ਕੌਰ ਨੇ ਸ਼ਿਰਕਤ ਕੀਤੀ। ਭੈਣ ਗੁਰਦੀਪ ਕੌਰ ਆਪਣੇ ਪਤੀ ਗੁਰਨੇਕ ਸਿੰਘ ਕੰਗ ਨਾਲ ਮੌਜੂਦ ਰਹੀਆਂ। ਸੈਂਪਲੀ ਤੋਂ ਤਰਲੋਚਨ ਕੌਰ ਨੇ ਸਨਮਾਨ ਪੱਤਰ ਵਿੱਚ ਲਿਖੀ ਭਾਵਪੂਰਤ ਨਜ਼ਮ ਪੜ੍ਹ ਕੇ ਸੁਣਾਈ ਜਿਸ ਨਾਲ ਹਾਜ਼ਰੀਨ ਭਾਵੁਕ ਹੋ ਗਏ।
ਪਰਮਜੀਤ ਕੌਰ ਸਰਹਿੰਦ ਨੇ ਸੈਂਪਲੀ ਨਗਰ ਨਿਵਾਸੀਆਂ, ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡਾ ਪ੍ਰੇਮ-ਪਿਆਰ ਮੈਨੂੰ ਕਲਮ ਚਲਾਉਣ ਲਈ ਤਾਕਤ ਬਖ਼ਸ਼ਦਾ ਹੈ। ਉਨ੍ਹਾਂ ਆਪਣੇ ਵਿਛੜੇ ਸਾਥੀ ਊਧਮ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਬਿਨਾਂ ਸਾਹਿਤ ਖੇਤਰ ਵਿੱਚ ਮੇਰੀ ਕੋਈ ਪਛਾਣ ਨਹੀਂ ਹੁੰਦੀ। ਜ਼ਿਲ੍ਹਾ ਲਿਖਾਰੀ ਸਭਾ ਫਤਹਿਗੜ੍ਹ ਸਾਹਿਬ ਦੇ ਨਾਮੀਂ ਸ਼ਾਇਰ ਅਜਮੇਰ ਸਿੰਘ ਮਾਨ ਦੀ ਅਗਵਾਈ ਵਿੱਚ ਪ੍ਰਬੰਧਾਂ ਦੀ ਦੇਖ-ਰੇਖ ਲੇਖਕ ਬਲਤੇਜ ਸਿੰਘ ਬਠਿੰਡਾ, ਅਮਰਬੀਰ ਸਿੰਘ ਚੀਮਾਂ, ਸਿਮਰਨਜੀਤ ਸਿੰਘ, ਜਸ਼ਨ ਮੱਟੂ, ਬਲਵਿੰਦਰ ਸਿੰਘ ਢੀਂਡਸਾ ਅਤੇ ਪੂਨਮ ਪ੍ਰਤੀਕ ਸਿੰਘ ਨੇ ਨਿਭਾਈ।