ਮਾਤਾ ਗੁਜਰੀ ਕਾਲਜ ’ਚ ਕਰਵਾਇਆ ਧਾਰਮਿਕ ਲੈਕਚਰ
ਮਾਨਵਤਾ ਦੇ ਰਾਹ-ਦਸੇਰੇ: ਮਾਤਾ ਗੁਜਰੀ ਜੀ ਵਿਸ਼ੇ ’ਤੇ ਕਰਵਾਇਆ ਗਿਆ ਧਾਰਮਿਕ ਲੈਕਚਰ
Publish Date: Thu, 12 Mar 2026 04:54 PM (IST)
Updated Date: Thu, 12 Mar 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਧਰਮ ਅਧਿਐਨ, ਇਤਿਹਾਸ ਅਤੇ ਫਾਈਨ ਆਰਟਸ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ’ਤੇ ਮਾਨਵਤਾ ਦੇ ਰਾਹ-ਦਸੇਰੇ: ਮਾਤਾ ਗੁਜਰੀ ਜੀ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਵਿਸ਼ੇਸ਼ ਲੈਕਚਰ ਦੌਰਾਨ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ ਅਤੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਬਾਜ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ. ਹਰਭਿੰਦਰ ਸਿੰਘ ਨੇ ਮਾਤਾ ਗੁਜਰੀ ਜੀ ਦੇ ਜੀਵਨ, ਹਿੰਮਤ ਅਤੇ ਅਧਿਆਤਮਕ ਪਹੁੰਚ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਮਾਤਾ ਗੁਜਰੀ ਜੀ ਦੀ ਕੁਰਬਾਨੀ ਤੇ ਉਨ੍ਹਾਂ ਦੁਆਰਾ ਦਿੱਤੀਆਂ ਗਈਆਂ ਕਦਰਾਂ-ਕੀਮਤਾਂ ਪੀੜ੍ਹੀਆਂ ਤੋਂ ਸਮਾਜ ਨੂੰ ਪ੍ਰੇਰਿਤ ਕਰਦੀਆਂ ਆ ਰਹੀਆਂ ਹਨ। ਇਸ ਮਗਰੋਂ ਡਾ. ਗੁਰਬਾਜ ਸਿੰਘ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਮੁਕੱਦਸ ਧਰਤੀ ’ਤੇ ਸਥਿਤ ਗੁਰਦੁਆਰਾ ਠੰਢਾ ਬੁਰਜ, ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਆਸਥਾ ਦਾ ਅਜਿਹਾ ਕੇਂਦਰ ਹੈ, ਜਿੱਥੋਂ ਮਨੁੱਖ ਨੂੰ ਸਿਦਕ, ਦਲੇਰੀ, ਨਿਡਰਤਾ, ਸੇਵਾ, ਸਿਮਰਨ, ਪ੍ਰਭੂ ਭਰੋਸਾ ਆਦਿ ਗੁਣਾਂ ਦੀ ਦਾਤ ਮਿਲਦੀ ਹੈ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੀਆਂ ਮਹਾਨ ਸਿੱਖ ਇਸਤਰੀਆਂ ਦੀਆਂ ਸ਼ਖ਼ਸੀਅਤਾਂ ਬਾਰੇ ਹੋਰ ਜਾਣਨ ਅਤੇ ਉਨ੍ਹਾਂ ਦੇ ਸਿੱਖੀ ਆਦਰਸ਼ਾਂ ਨੂੰ ਜ਼ਿੰਦਗੀ ਵਿਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਅਵਨੀਤ ਕੌਰ, ਡਾ. ਰਮਨਦੀਪ ਕੌਰ, ਪ੍ਰੋ. ਬਨਿੰਦਰ ਕੌਰ ਅਤੇ ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।