ਬਾਗੀ ਆਗੂ ਛੇਤੀ ਹੀ ਅਕਾਲੀ ਦਲ ’ਚ ਵਾਪਸੀ ਕਰਨਗੇ : ਕੈਪਟਨ ਬਾਜਵਾ
ਬਾਗੀ ਆਗੂ ਛੇਤੀ ਹੀ ਅਕਾਲੀ ਦਲ ’ਚ ਵਾਪਸੀ ਕਰਨਗੇ : ਕੈਪਟਨ ਬਾਜਵਾ
Publish Date: Thu, 09 Apr 2026 05:01 PM (IST)
Updated Date: Fri, 10 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਵਿਚ ਚੱਲ ਰਿਹਾ ਸੀਤ ਯੁੱਧ ਰੋਜ਼ ਨਵੇਂ ਮੋੜ ਲੈ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਾਕੀ ਧੜੇ ਦੇ ਮੁੱਖ ਨੇਤਾਵਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਦੋਵਾਂ ਧਿਰਾਂ ਵੱਲੋਂ ਹੋ ਰਿਹਾ ਸਕਤੀ ਪ੍ਰਦਰਸ਼ਨ ਭਵਿੱਖ ਵਿਚ ਕਿਹੜਾ ਮੋੜ ਲਵੇਗਾ ਇਹ ਵੇਖਣਾ ਹੋਵੇਗਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁੱਖ ਬੁਲਾਰਾ ਤੇ ਰਾਸ਼ਟਰਪਤੀ ਐਵਾਰਡੀ ਕੈਪਟਨ ਜਸਵੰਤ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਾਗੀ ਧੜੇ ਦੇ ਜ਼ਿਆਦਾਤਰ ਆਗੂ ਪਾਰਟੀ ਦੀ ਸਰਕਾਰ ਵੇਲੇ ਉੱਚ ਅਹੁਦਿਆਂ ਤੇ ਰਹੇ ਹਨ। ਉਨ੍ਹਾਂ ਅਨੁਸਾਰ ਪਾਰਟੀ ਦੀ ਹਾਰ ਦੀ ਇਕੱਠੀ ਸਮੀਖਿਆ ਹੋਣੀ ਚਾਹੀਦੀ ਸੀ ਪਰ ਬਾਕੀ ਆਗੂਆਂ ਨੇ ਸਾਰਾ ਦੋਸ਼ ਸੁਖਬੀਰ ਸਿੰਘ ਬਾਦਲ ’ਤੇ ਲਾ ਦਿੱਤਾ। ਉਨ੍ਹਾਂ ਕਿਹਾ ਕਿ ਬਾਗੀ ਧੜੇ ਨੂੰ ਪ੍ਰਦਰਸ਼ਨ ਛੱਡ ਕੇ ਪੰਥਕ ਏਕਤਾ ਲਈ ਰਾਹ ਅਪਣਾਉਣਾ ਚਾਹੀਦਾ ਹੈ। ਜਥੇਦਾਰ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਕਈ ਸਾਬਕਾ ਮੰਤਰੀਆਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ ਪਰ ਇਸ ਤੋਂ ਬਾਅਦ ਵੀ ਪਾਰਟੀ ਵਿਚ ਏਕਤਾ ਨਜ਼ਰ ਨਹੀਂ ਆਈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਪੰਜ ਛੇ ਮਹੀਨਿਆਂ ਵਿਚ ਜ਼ਿਆਦਾਤਰ ਬਾਗੀ ਨੇਤਾ ਘਰ ਵਾਪਸੀ ਕਰ ਲੈਣਗੇ ਤੇ ਇਸ ਨਾਲ ਪੰਥ ਏਕਤਾ ਮਜ਼ਬੂਤ ਹੋਵੇਗੀ। ਇਸ ਤੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਰਕਾਰ ਬਣੇਗੀ ਅਤੇ ਪੰਜਾਬੀਆਂ ਦੇ ਸੁਪਨੇ ਸਾਕਾਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਜਥੇਦਾਰ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀਆਂ ਨੂੰ ਸਜ਼ਾ ਸੁਣਾਈ ਸੀ ਉਹੀ ਬਾਗੀ ਧੜੇ ਦਾ ਪ੍ਰਧਾਨ ਬਣ ਬੈਠਾ ਹੈ ਅਤੇ ਸੰਗਤਾਂ ਨੇ ਇਸ ਨੂੰ ਆਪ੍ਰਵਾਨ ਕਰ ਲਿਆ ਹੈ।