ਪੰਜਾਬ ਹਿਤੈਸ਼ੀ ਧਿਰਾਂ ਨੂੰ ਛੋਟੀਆਂ ਗੱਲਾਂ ਛੱਡ ਕੇ ਪੂਰੀ ਏਕਤਾ ਕਰਨ : ਪੰਜੋਲੀ
ਪੰਜਾਬ ਹਿਤੈਸ਼ੀ ਧਿਰਾਂ ਨੂੰ ਛੋਟੀਆਂ ਗੱਲਾਂ ਛੱਡ ਕੇ ਪੂਰੀ ਏਕਤਾ ਕਰਨ : ਪੰਜੋਲੀ
Publish Date: Thu, 09 Apr 2026 05:00 PM (IST)
Updated Date: Fri, 10 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਪੰਥ ਤੇ ਪੰਜਾਬੀਆਂ ਦਾ ਸੂਰਜ ਚੜ੍ਹਦਾ ਵੇਖਣ ਲਈ ਪੰਥਕ ਤੇ ਪੰਜਾਬ ਹਿਤੈਸ਼ੀ ਧਿਰਾਂ ਨੂੰ ਛੋਟੀਆਂ ਗੱਲਾਂ ਛੱਡ ਕੇ ਪੂਰੀ ਏਕਤਾ ਕਰਨੀ ਚਾਹੀਦੀ ਹੈ। ਉਨ੍ਹਾਂ ਸਿਮਰਨਜੀਤ ਸਿੰਘ ਮਾਨ, ਭਾਈ ਰਣਜੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਜਸਵੀਰ ਸਿੰਘ ਰੋਡੇ ਤੇ ਹੋਰ ਧਿਰਾਂ ਨੂੰ ਆਪਸੀ ਸਹਿਮਤੀ ਨਾਲ ਚੰਗੇ ਉਮੀਦਵਾਰ ਚੁਣ ਕੇ 2027 ਵਿਧਾਨ ਸਭਾ ਚੋਣਾਂ ਲਈ ਸਾਂਝੇ ਉਮੀਦਵਾਰ ਉਤਾਰਨ ਦਾ ਸੁਝਾਅ ਦਿੱਤਾ। ਜਿੱਥੇ ਚੰਗਾ ਉਮੀਦਵਾਰ ਜਿੱਤ ਸਕਦਾ ਹੈ ਉੱਥੇ ਉਸ ਨੂੰ ਟਿਕਟ ਦੇਣੀ ਚਾਹੀਦੀ ਹੈ ਤੇ ਡਾਕਟਰ, ਕਾਨੂੰਨਦਾਨ, ਵਿਦਵਾਨ, ਪੱਤਰਕਾਰ ਤੇ ਚੰਗੀ ਸੋਚ ਵਾਲੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਸ਼ਾਮਲ ਕਰ ਕੇ ਇਨ੍ਹਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੌਂਹ ਚੁਕਾਈ ਜਾਵੇ ਤੇ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦਾ ਪ੍ਰਣ ਲਿਆ ਜਾਵੇ। ਏਜੰਡਾ ਪੰਜਾਬ ਦੀ ਖੁਦਮੁਖਤਿਆਰੀ ਦਾ ਅਤੇ ਨਸ਼ਾ ਖਤਮ ਕਰ ਕੇ ਖੁਸ਼ਹਾਲ ਪੰਜਾਬ ਬਣਾਉਣਾ ਹੋਵੇਗਾ ਤਾਂ ਜੋ ਕੋਈ ਭੁੱਖਾ ਨਾ ਸੌਵੇ, ਕੋਈ ਬਿਮਾਰ ਇਲਾਜ ਬਿਨਾਂ ਨਾ ਮਰੇ ਤੇ ਕੋਈ ਅਨਪੜ੍ਹ ਨਾ ਰਹੇ। ਪੰਜਾਬ ਨੂੰ ਦੁਨੀਆਂ ਦਾ ਸਭ ਤੋਂ ਸੋਹਣਾ ਦੇਸ਼ ਬਣਾਉਣ ਲਈ ਚੰਗੀਆਂ ਸੜਕਾਂ, ਬੱਸਾਂ, ਸਕੂਲ ਤੇ ਹਸਪਤਾਲ ਬਣਾਏ ਜਾਣ ਤੇ ਵਿਤਕਰਾ ਖਤਮ ਕੀਤਾ ਜਾਵੇ। ਪੰਜਾਬ ਤੇ ਚੜ੍ਹਿਆ ਕਰਜ਼ਾ ਉਤਾਰਨ ਲਈ ਹਰ ਪੰਜਾਬੀ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਵੇ ਤੇ ਲੁੱਟਣ ਵਾਲਿਆਂ ਦੀ ਜਾਇਦਾਦ ਵੇਚ ਕੇ ਫੰਡ ਵਿਚ ਪਾਇਆ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਇੱਕ ਵਾਰ ਸਿਰ ਜੋੜ ਕੇ ਬੇਗਮਪੁਰੇ ਵਰਗਾ ਹਲੇਮੀ ਰਾਜ ਸਥਾਪਿਤ ਕੀਤਾ ਜਾਵੇ ਤੇ ਗੁਰੂਆਂ ਤੇ ਮਹਾਂਪੁਰਖਾਂ ਦੀ ਸੋਚ ਅਨੁਸਾਰ ਪੰਜਾਬ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਦਾ ਇਹ ਆਖਰੀ ਮੌਕਾ ਹੈ।