ਰਾਜਪਾਲ ਕਟਾਰੀਆ ਨੇ ਦੀਵਾਨ ਟੋਡਰ ਮੱਲ ਹਵੇਲੀ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੀਵਾਨ ਟੋਡਰ ਮੱਲ ਹਵੇਲੀ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ
Publish Date: Sat, 11 Apr 2026 07:05 PM (IST)
Updated Date: Sat, 11 Apr 2026 07:08 PM (IST)

--ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਵਾਇਆ ਫ਼ੋਟੋ ਫ਼ਾਈਲ : 10 ਦੀਵਾਨ ਟੋਡਰ ਮੱਲ ਹਵੇਲੀ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਨਾਲ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੀਵਾਨ ਟੋਡਰ ਮੱਲ ਹਵੇਲੀ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਹਵੇਲੀ ਦੇ ਨਿਰਮਾਣ ਲਈ ਅਪਣਾਈ ਜਾ ਰਹੀ ਕਾਰਜ ਵਿਧੀ ਤੇ ਵਰਤੀ ਜਾ ਰਹੀ ਨਿਰਮਾਣ ਸਮੱਗਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਰਾਜਪਾਲ ਨੇ ਚੱਲ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਹਿੰਦੁਸਤਾਨ ਦਾ ਪਹਿਲਾ ਕਾਰਜ ਹੈ ਜਿਸ ਨੂੰ ਇੰਨ-ਬਿੰਨ ਉਸ ਦੇ ਅਸਲੀ ਪੁਰਾਤਨ ਰੂਪ ਵਿਚ ਦੁਬਾਰਾ ਬਣਾਇਆ ਜਾ ਰਿਹਾ ਹੈ। ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਹਵੇਲੀ ਦੇ ਚੱਲ ਰਹੇ ਕਾਰਜਾਂ ਨੂੰ ਦੇਖਦਿਆ ਰਾਜਪਾਲ ਨੇ ਭਰੋਸਾ ਦਿੱਤਾ ਹੈ ਜੇ ਕੇਂਦਰ ਸਰਕਾਰ ਤੱਕ ਵੀ ਫਾਊਂਡੇਸ਼ਨ ਨੂੰ ਇਸ ਨਿਰਮਾਣ ਕਾਰਜ ਸਬੰਧੀ ਕੋਈ ਕੰਮ ਪੈਂਦਾ ਹੈ ਤੇ ਫਾਊਂਡੇਸ਼ਨ ਜਦੋਂ ਚਾਹੇ ਉਨ੍ਹਾਂ ਨਾਲ ਸੰਪਰਕ ਕਰ ਸਕਦੀ ਹੈ। ਇਸ ਮੌਕੇ ਕਟਾਰੀਆ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਉਨਾਂ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਨਵਾਬ ਵਜੀਦ ਖਾਂ ਪਾਸੋਂ ਖਰੀਦੀ ਗਈ ਜਗ੍ਹਾ, ਦੁਨੀਆਂ ਦੀ ਸਭ ਤੋਂ ਕੀਮਤੀ ਜਗ੍ਹਾ ਹੈ ਅਤੇ ਇਹੋ ਜਿਹੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਉੱਦਮ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਨਾਲ ਜੋੜਨ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ, ਦੀਵਾਨ ਟੋਡਰ ਮੱਲ ਵਿਰਾਸਸਤੀ ਫਾਊਂਡੇਸ਼ਨ ਦੇ ਦਰਸ਼ਨ ਸਿੰਘ, ਲਖਵਿੰਦਰ ਸਿੰਘ, ਮੈਨੇਜਰ ਸੁਰਿੰਦਰ ਸਿੰਘ, ਮੁੱਖ ਇੰਜਨੀਅਰ ਨਮਤਾ ਜਸਪਾਲ, ਮਹਾਰਾਣੀ ਪ੍ਰੀਤੀ ਸਿੰਘ ਨਾਭਾ, ਕ੍ਰਿਪਾਲ ਸਿੰਘ ਬਲਾਕੀਪੁਰ, ਸੰਨਮੀਤ ਸਿੰਘ, ਮੀਤ ਗੁਰਦੇਵ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।