ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ’ਚ ਹੋਈਆਂ ਅਹਿਮ ਵਿਚਾਰਾਂ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੀਟਿੰਗ ਹੋਈ
Publish Date: Wed, 21 Jan 2026 04:57 PM (IST)
Updated Date: Wed, 21 Jan 2026 05:00 PM (IST)

ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਪੈਨਸ਼ਨਰਜ਼ ਭਵਨ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜਰਾ ਨੇ ਕੀਤੀ ਤੇ ਮੰਚ ਸੰਚਾਲਨ ਧਰਮ ਪਾਲ ਆਜ਼ਾਦ ਨੇ ਨਿਭਾਇਆ। ਮੀਟਿੰਗ ਦੀ ਸ਼ੁਰੂਆਤ ਵਿਚ ਜਿਨ੍ਹਾਂ ਮੈਂਬਰਾਂ ਦਾ ਜਨਮ ਦਿਨ ਸੀ, ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜਰਾ ਅਤੇ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਨੇ ਆਈਪੀਐਸ, ਆਈਏਐਸ ਅਤੇ ਸਕੱਤਰ ਪੱਧਰੀ ਅਧਿਕਾਰੀਆਂ ਨੂੰ 58 ਫੀਸਦੀ ਡੀਏ ਅਤੇ ਪੇ-ਕਮਿਸ਼ਨ ਦੇ ਸਾਰੇ ਬਕਾਏ ਦੇ ਦਿੱਤੇ ਹਨ, ਪਰ ਛੋਟੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਛੇਵੇਂ ਪੇ-ਕਮਿਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ, 2.59 ਗੁਣਾਕ ਨੋਸ਼ਨਲ ਫਿਕਸੇਸ਼ਨ ਨਹੀਂ ਅਪਣਾਇਆ ਅਤੇ ਪੈਨਸ਼ਨਰਾਂ ਨੂੰ ਸਿਰਫ਼ 42 ਫੀਸਦੀ ਡੀ.ਏ. ਹੀ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਅੱਠਵਾਂ ਪੇ-ਕਮਿਸ਼ਨ ਗਠਿਤ ਕਰ ਦਿੱਤਾ ਹੈ, ਪਰ ਪੰਜਾਬ ਸਰਕਾਰ ਅਜੇ ਛੇਵੇਂ ਪੇ-ਕਮਿਸ਼ਨ ਦੇ ਬਕਾਏ ਵੀ ਨਹੀਂ ਦੇ ਰਹੀ। ਨਤੀਜੇ ਵਜੋਂ ਕਈ ਪੈਨਸ਼ਨਰ ਆਪਣੇ ਹੱਕਾਂ ਦੀ ਉਡੀਕ ਵਿਚ ਸੰਸਾਰ ਤੋਂ ਰੁਖ਼ਸਤ ਹੋ ਗਏ। ਮੀਟਿੰਗ ਵਿਚ ਪ੍ਰੀਤਮ ਸਿੰਘ ਨਾਗਰਾ, ਜਸਵਿੰਦਰ ਸਿੰਘ ਆਹਲੂਵਾਲੀਆ, ਬਲਵਿੰਦਰ ਸਿੰਘ ਸੋਹੀ, ਮਹਿੰਦਰ ਸਿੰਘ ਜੱਲਾ, ਕੁਲਵੰਤ ਸਿੰਘ ਢਿੱਲੋਂ, ਚਰਨ ਸਿੰਘ ਸੋਖੇ, ਦਰਬਾਰਾ ਸਿੰਘ, ਬਲਦੇਵ ਕ੍ਰਿਸ਼ਨ ਸੈਦਪੁਰਾ, ਜੋਧ ਸਿੰਘ, ਹਰਪਾਲ ਸਿੰਘ, ਰਾਮ ਮੂਰਤੀ ਖਮਾਣੋਂ ਅਤੇ ਕਰਨੈਲ ਸਿੰਘ ਵਜ਼ੀਰਾਬਾਦ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਦੀ ਤਰਜ਼ ਤੇ 58 ਫੀਸਦੀ ਡੀਏ ਦਿੱਤੀ ਜਾਵੇ, ਬਕਾਇਆ ਕਿਸ਼ਤਾਂ ਰਿਲੀਜ਼ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਤੇ ਵੀ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਮੀਟਿੰਗ ਵਿਚ ਸੁਖਚੈਨ ਸਿੰਘ ਜੱਲਾ, ਪਰਮਜੀਤ ਸਿੰਘ ਅਮਲੋਹ, ਗੁਰਮੂਖ ਸਿੰਘ, ਓਮ ਪ੍ਰਕਾਸ਼ ਬੱਸੀ ਪਠਾਣਾਂ, ਮਹਿੰਦਰ ਸਿੰਘ ਜੱਲਾ, ਸੁੱਚਾ ਸਿੰਘ ਨਬੀਪੁਰ, ਮੱਘਰ ਸਿੰਘ ਅਮਲੋਹ, ਖੇਮ ਸਿੰਘ, ਸ਼ਿੰਗਾਰਾ ਸਿੰਘ ਭੜੀ, ਸੁਰਜੀਤ ਸਿੰਘ, ਲਛਮਣ ਸਿੰਘ, ਅਜ਼ੈਬ ਸਿੰਘ ਖਮਾਣੋਂ, ਕੇਸਰ ਸਿੰਘ, ਅਵਤਾਰ ਸਿੰਘ ਨਲੀਨਾ, ਸਤਪਾਲ ਸਿੰਘ, ਰਾਜਿੰਦਰ ਕੁਮਾਰ ਅਤੇ ਚਰਨ ਸਿੰਘ ਵੀ ਮੌਜੂਦ ਸਨ।