ਸਰਕਾਰ ਲਗਾਤਾਰ ਕਰਜ਼ੇ ਲੈ ਕੇ ਸੂਬੇ ਨੂੰ ਵਿੱਤੀ ਸੰਕਟ ਵੱਲ ਧੱਕ ਰਹੀ: ਸ਼ਰਮਾ
ਪੰਜਾਬ ਸਰਕਾਰ ਲਗਾਤਾਰ ਕਰਜ਼ੇ ਲੈ ਕੇ ਪੰਜਾਬ ਨੂੰ ਆਰਥਿਕ ਸੰਕਟ ਵੱਲ ਧੱਕ ਰਹੀ ਹੈ : ਸ਼ਰਮਾ
Publish Date: Fri, 06 Mar 2026 08:21 PM (IST)
Updated Date: Fri, 06 Mar 2026 08:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਨੂੰ ਮਾਈਨਿੰਗ ਤੋਂ ਹਰ ਸਾਲ 20000 ਕਰੋੜ ਰੁਪਏ ਦੀ ਆਮਦਨ ਹੋਵੇਗੀ ਪਰ ਹਕੀਕਤ ਇਹ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਨੂੰ ਮਾਈਨਿੰਗ ਤੋਂ ਲਗਪਗ 800 ਕਰੋੜ ਰੁਪਏ ਹੀ ਮਿਲੇ ਹਨ ਜੋ ਕੇਜਰੀਵਾਲ ਦੇ ਵਾਅਦੇ ਨਾਲੋਂ ਲੱਗਪਗ 100 ਗੁਣਾ ਘੱਟ ਹੈ। ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ ਨੇ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਦੇ ਦੌਰੇ ਤੋਂ ਬਾਅਦ ਪਿੰਡ ਮਾਜਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਵੇਲੇ ਆਖੇ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਕਰਜ਼ ਲੈ ਕੇ ਪੰਜਾਬ ਨੂੰ ਆਰਥਿਕ ਸੰਕਟ ਵੱਲ ਧੱਕ ਰਹੀ ਹੈ ਅਤੇ ਕਰਜ਼ ਦੀ ਅਦਾਇਗੀ ਸਮੇਂ ਸਿਰ ਨਾ ਕਰਨ ਨਾਲ ਇਹ ਬੋਝ ਵਧ ਰਿਹਾ ਹੈ ਜਦਕਿ ਪਹਿਲਾਂ ਦੇਸ਼ ਦੇ ਅਮੀਰ ਰਾਜਾਂ ਵਿਚ ਸ਼ੁਮਾਰ ਪੰਜਾਬ ਹੁਣ ਲਗਾਤਾਰ ਕਰਜ਼ੇ ਦੇ ਬੋਝ ਹੇਠ ਦੱਬ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸਮਝ ਗਈ ਹੈ ਕਿ ਕੱਟੜ ਈਮਾਨਦਾਰੀ ਦੇ ਦਾਅਵਿਆਂ ਪਿੱਛੇ ਅਸਲੀਅਤ ਕੀ ਹੈ ਅਤੇ ਪੰਜਾਬ ਵਿੱਚ ਵਧਦਾ ਕਰਜ਼ ਘਟਦਾ ਰੈਵਨਿਊ ਅਤੇ ਸੰਸਾਧਨਾਂ ਦੀ ਲੁੱਟ ਇਹ ਸਾਬਤ ਕਰਦੀ ਹੈ ਕਿ ਸਰਕਾਰ ਕੋਲ ਨਾ ਤਾਂ ਸਪੱਸ਼ਟ ਨੀਤੀ ਹੈ ਅਤੇ ਨਾ ਹੀ ਪ੍ਰਸ਼ਾਸਨਿਕ ਯੋਗਤਾ।