ਪੰਜਾਬ ਨੂੰ ਬੈਕਡੋਰ ਰਾਜਨੀਤੀ ਜਾਂ ਡਿਨਰ ਡਿਪਲੋਮੇਸੀ ਦੀ ਲੋੜ ਨਹੀਂ : ਰਾਜੂ ਖੰਨਾ
ਪੰਜਾਬ ਨੂੰ ਬੈਕਡੋਰ ਰਾਜਨੀਤੀ ਜਾ ਡਿਨਰ ਡਿਪਲੋਮੇਸੀ ਦੀ ਲੋੜ ਨਹੀਂ : ਰਾਜੂ ਖੰਨਾ
Publish Date: Wed, 18 Feb 2026 05:02 PM (IST)
Updated Date: Wed, 18 Feb 2026 05:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ‘ਡੈਸਟਿਨੇਸ਼ਨ 2027’ ਮੁਹਿੰਮ ਅਧੀਨ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਕਥਿਤ ‘ਡਿਨਰ ਡਿਪਲੋਮੇਸੀ’ ’ਤੇ ਸਖ਼ਤ ਹਮਲਾ ਬੋਲਦਿਆਂ ਪੰਜਾਬ ਦੀ ਰਾਜਨੀਤੀ ’ਚ ਦਿੱਲੀ ਆਧਾਰਿਤ ਤਾਕਤਾਂ ਦੇ ਦਖਲ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪਰਦੇ ਪਿੱਛੇ ਹੋ ਰਹੀਆਂ ਮੀਟਿੰਗਾਂ ਤੇ ਰਾਜਨੀਤਿਕ ਭੋਜ ਪੰਜਾਬ ਨੂੰ ਦਿੱਲੀ ਦੇ ਇਸ਼ਾਰਿਆਂ ’ਤੇ ਚਲਾਉਣ ਦੀ ਕੋਸ਼ਿਸ਼ ਨੂੰ ਉਜਾਗਰ ਕਰਦੇ ਹਨ, ਜੋ ਸੂਬੇ ਦੀ ਰਾਜਨੀਤਿਕ ਖੁਦਮੁਖਤਿਆਰੀ ਲਈ ਖ਼ਤਰਾ ਹੈ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਨੂੰ ਬੈਕਡੋਰ ਰਾਜਨੀਤੀ ਜਾਂ ਡਿਨਰ ਡਿਪਲੋਮੇਸੀ ਦੀ ਲੋੜ ਨਹੀਂ। ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜੇ ਵੀ ਰਾਸ਼ਟਰੀ ਰਾਜਧਾਨੀ ਤੋਂ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਹੈ। ਰਾਜੂ ਖੰਨਾ ਨੇ ਦੱਸਿਆ ਕਿ 2027 ਲਈ ਅਕਾਲੀ ਦਲ ਦਾ ਵਿਜ਼ਨ ਪੰਜਾਬ ਦੀ ਆਰਥਿਕ ਮਜ਼ਬੂਤੀ ਬਹਾਲ ਕਰਨਾ, ਸੰਘੀ ਢਾਂਚੇ ਦੀ ਰੱਖਿਆ ਅਤੇ ਲੋਕ ਇੱਛਾਵਾਂ ਅਨੁਸਾਰ ਨੀਤੀਆਂ ਲਾਗੂ ਕਰਨ ’ਤੇ ਅਧਾਰਿਤ ਹੈ। ਉਨ੍ਹਾਂ ਵੋਟਰਾਂ ਨੂੰ ਸਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਡੈਸਟਿਨੇਸ਼ਨ 2027 ਸਿਰਫ਼ ਸੱਤਾ ਬਦਲਾਅ ਨਹੀਂ ਸਗੋਂ ਪੰਜਾਬ ਦੇ ਰਾਜਨੀਤਿਕ ਸਵੈਭਿਮਾਨ ਨੂੰ ਮੁੜ ਸਥਾਪਿਤ ਕਰਨ ਦਾ ਸੰਕਲਪ ਹੈ। ਇਸ ਮੌਕੇ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਬੰਸ ਸਿੰਘ ਬਡਾਲੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਡਾ. ਅਰੁਜਨ ਸਿੰਘ ਅਮਲੋਹ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਬਲਤੇਜ਼ ਸਿੰਘ ਅਮਲੋਹ ਤੇ ਕੇਵਲ ਖਾਂ ਧਰਮਗੜ੍ਹ ਮੌਜੂਦ ਸਨ।