ਸੂਬੇ ਦੇ ਭਲੇ ਲਈ ਭਾਜਪਾ ਅਕਾਲੀ ਦਲ ਨਾਲ ਹੱਥ ਮਿਲਾਏ : ਕੈਪਟਨ ਬਾਜਵਾ
ਭਾਜਪਾ ਅਕਾਲੀ ਦਲ ਨਾਲ ਹੱਥ ਮਿਲਾਵੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ : ਕੈਪਟਨ ਬਾਜਵਾ
Publish Date: Mon, 16 Mar 2026 05:14 PM (IST)
Updated Date: Mon, 16 Mar 2026 05:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੋਗਾ ’ਚ ਕੀਤੀ ਰੈਲੀ ਤੋਂ ਪੰਜਾਬ ਨੂੰ ਕੋਈ ਠੋਸ ਲਾਭ ਨਹੀਂ ਮਿਲਿਆ। ਇਸ ਫੇਰੀ ਨੇ ਸਿਰਫ ਚੋਣ ਸਟੰਟ ਹੀ ਵਿਖਾਇਆ ਅਤੇ ਰਾਜ ਦੀਆਂ ਅਸਲ ਸਮੱਸਿਆਵਾਂ ਤੋਂ ਦੂਰੀ ਬਣਾਈ ਰੱਖੀ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਰਾਸ਼ਟਰਪਤੀ ਐਵਾਰਡੀ ਕੈਪਟਨ ਜਸਵੰਤ ਸਿੰਘ ਬਾਜਵਾ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਪੰਜਾਬ ਨੂੰ ਦੋ ਸਾਲਾਂ ਵਿਚ ਨਸ਼ਾ ਮੁਕਤ ਕਰਨ ਦਾ ਵਾਅਦਾ ਇਕ ਚੋਣ ਸਟੰਟ ਹੈ। ਬੀਐੱਸਐੱਫ ਦੇ ਅਧੀਨ 50 ਕਿਲੋਮੀਟਰ ਬਾਰਡਰ ਖੇਤਰ ਗ੍ਰਹਿ ਮੰਤਰਾਲੇ ਹੇਠ ਆਉਂਦਾ ਹੈ ਫਿਰ ਵੀ 45 ਫੀਸਦੀ ਨਸ਼ਾ ਪੰਜਾਬ ਰਾਹੀਂ ਆਉਣ ਦਾ ਦਾਅਵਾ ਉਨ੍ਹਾਂ ਦੀ ਆਪਣੀ ਅਸਫਲਤਾ ਦਾ ਕਬੂਲਨਾਮਾ ਹੈ। ਬਾਜਵਾ ਨੇ ਭਾਜਪਾ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੋਖਲੇ ਵਾਅਦਿਆਂ ਤੋਂ ਉਪਰ ਉਠ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਹੱਥ ਮਿਲਾਏ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਪੇਂਡੂ ਖੇਤਰਾਂ ਵਿਚ ਜੜ੍ਹਾਂ ਹੋਰ ਮਜ਼ਬੂਤ ਹੋ ਰਹੀਆਂ ਹਨ ਅਤੇ ਭਾਜਪਾ ਨੂੰ ਇੱਕਲਿਆਂ ਚੋਣ ਲੜਨ ਵਾਲੀ ਵਿਚਾਰਧਾਰਾ ਤੋਂ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਕਰਜ਼ੇ, ਧਰਮ ਤਬਦੀਲੀ, ਨਸ਼ਿਆਂ ਅਤੇ ਹਥਿਆਰਾਂ ਵਰਗੀਆਂ ਸਮੱਸਿਆਵਾਂ ਬਾਰੇ ਸਿਰਫ ਖਾਲੀ ਗੱਲਾਂ ਕੀਤੀਆਂ ਅਤੇ 2027 ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਜਨਤਕ ਅਧਾਰ ਵਧਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਉਨ੍ਹਾਂ ਕਿਸਾਨਾਂ ਦੀਆਂ ਮੁਸੀਬਤਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ, ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬਿਲਕੁਲ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਰੈਲੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ 25 ਫੁੱਟ ਉੱਚੀ ਤਸਵੀਰ ਲਗਾ ਕੇ ਸਿੱਖਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵੀ ਨਾਕਾਮ ਰਹੀ।