ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਗੈਸ ਏਜੰਸੀ ਦੇ ਗੇਟ ਅੱਗੇ ਧਰਨਾ
ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਗੈਸ ਏਜੰਸੀ ਦੇ ਗੇਟ ਅੱਗੇ ਧਰਨਾ ਤੇ ਰੋਸ ਪ੍ਰਦਰਸ਼ਨ
Publish Date: Tue, 17 Mar 2026 06:20 PM (IST)
Updated Date: Tue, 17 Mar 2026 06:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਮੰਡੀ ਬੀਡੀਪੀਓ ਦਫ਼ਤਰ ਰੋਡ ’ਤੇ ਸਥਿਤ ਇਕ ਗੈਸ ਏਜੰਸੀ ਵਿਖੇ ਗੈਸ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਅੱਜ ਸਥਾਨਕ ਲੋਕਾਂ ਤੇ ਖਪਤਕਾਰਾਂ ਦਾ ਸਬਰ ਟੁੱਟ ਗਿਆ। ਸਵੇਰ ਤੋਂ ਹੀ ਭਾਰੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਏਜੰਸੀ ਦੇ ਗੇਟ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਅਤੇ ਪੰਜਾਬ ਸਰਕਾਰ ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਵੱਡੇ ਕਾਰਪੋਰੇਟ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਲਈ ਆਮ ਜਨਤਾ ਨੂੰ ਤੰਗ-ਪਰੇਸ਼ਾਨ ਕਰ ਰਹੀ ਹੈ। ਜਦੋਂ ਲੋਕ ਰਸੋਈ ਗੈਸ ਸਿਲੰਡਰਾਂ ਲਈ ਖੱਜਲ ਹੋਣਗੇ, ਉਦੋਂ ਹੀ ਉਹ ਮਜਬੂਰ ਹੋ ਕੇ ਅਡਾਨੀਆਂ ਵੱਲੋਂ ਵਿਛਾਈ ਜਾ ਰਹੀ ਗੈਸ ਪਾਈਪਲਾਈਨ ਦੇ ਕੁਨੈਕਸ਼ਨ ਲੈਣਗੇ। ਇਹ ਸਭ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਗੈਸ ਸਿਲੰਡਰ ਲੈਣ ਆਏ ਗਾਹਕ ਨੇ ਦੱਸਿਆ ਕਿ ਲੋਕ ਸਵੇਰੇ 4 ਵਜੇ ਤੋਂ ਹੀ ਏਜੰਸੀ ਦੇ ਬਾਹਰ ਲਾਈਨਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਏਜੰਸੀ ਪ੍ਰਬੰਧਕਾਂ ਵੱਲੋਂ ਕੋਈ ਵੀ ਅਗਾਊਂ ਸੂਚਨਾ ਜਾਂ ਨੋਟਿਸ ਨਹੀਂ ਲਗਾਇਆ ਗਿਆ ਸੀ, ਜਿਸ ਕਾਰਨ ਲੋਕਾਂ ਦਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਅਣਗਹਿਲੀ ਵਰਤਣ ਵਾਲੀ ਗੈਸ ਏਜੰਸੀ ਵਿਰੁੱਧ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇ। ਇਸ ਸਬੰਧੀ ਗੈਸ ਏਜੰਸੀ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਿੱਛੋਂ ਕੰਪਨੀ ਵੱਲੋਂ ਸਪਲਾਈ ਘੱਟ ਆਉਣ ਕਾਰਨ ਇਹ ਅਚਾਨਕ ਕਿੱਲਤ ਪੈਦਾ ਹੋਈ ਹੈ। ਏਜੰਸੀ ਲੋਕਾਂ ਦੀ ਸਹੂਲਤ ਲਈ ਵਚਨਬੱਧ ਹੈ ਅਤੇ ਜਲਦੀ ਹੀ ਸਟਾਕ ਆਉਣ ’ਤੇ ਸੀਰੀਅਲ ਨੰਬਰ ਦੇ ਅਧਾਰ ’ਤੇ ਸਪਲਾਈ ਮੁਕੰਮਲ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਜਲਦ ਹੀ ਪੱਕਾ ਹੱਲ ਕੱਢ ਲਿਆ ਜਾਵੇਗਾ।