ਪ੍ਰੋ. ਚੰਦੂਮਾਜਰਾ ਸਾਡੇ ਨਾਲ ਹਨ ਤੇ ਪਾਰਟੀ ’ਚ ਕੋਈ ਫ਼ੁੱਟ ਨਹੀਂ : ਗਿਆਨੀ ਹਰਪ੍ਰੀਤ ਸਿੰਘ
ਪ੍ਰੋ. ਚੰਦੂਮਾਜਰਾ ਸਾਡੇ ਨਾਲ ਹਨ ਤੇ ਨਾਲ ਹੀ ਰਹਿਣਗੇ, ਪਾਰਟੀ ’ਚ ਕੋਈ ਫ਼ੁੱਟ ਨਹੀਂ : ਗਿਆਨੀ ਹਰਪ੍ਰੀਤ ਸਿੰਘ
Publish Date: Fri, 27 Feb 2026 07:36 PM (IST)
Updated Date: Sat, 28 Feb 2026 04:05 AM (IST)

* ਜ਼ਿਲ੍ਹਾ ਪ੍ਰਧਾਨ ਦੀ ਗੈਰ-ਮੌਜੂਦਗੀ ’ਚ ਹੋਇਆ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਫ਼ੋਟੋ ਫ਼ਾਈਲ 22 ਕੈਪਸ਼ਨ : ਜ਼ਿਲ੍ਹਾ ਦਫ਼ਤਰ ਦੇ ਉਦਘਾਟਨ ਮੌਕੇ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਹੋਰ ਆਗੂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਇੱਥੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਦੇ ਦੂਜੇ ਕਈ ਆਗੂਆਂ ਦੀ ਗ਼ੈਰ ਮੌਜੂਦਗੀ ਚਰਚਾ ’ਚ ਬਣੀ ਹੋਈ ਹੈ। ਕੁੱਝ ਦਿਨਾਂ ਤੋਂ ਪਾਰਟੀ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ ਹੈ, ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤੋਂ ਇਨਕਾਰ ਕੀਤਾ ਹੈ। ਇਕ ਸਵਾਲ ਦੇ ਜਵਾਬ ’ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਡੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਡੀ ਪਾਰਟੀ ਦੀ ਸ਼ਾਨ ਹਨ, ਉਹ ਸਾਡੇ ਨਾਲ ਹਨ ਤੇ ਸਾਡੇ ਨਾਲ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨਾਲ-ਨਾਲ ਹੁਣ ਸਰਕਾਰ ਨੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਜੇ ਕਿਸੇ ਨੇ ਕੋਈ ਜ਼ੁਰਮ ਕੀਤਾ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਦੇਣੀ ਚਾਹੀਦੀ ਹੈ। ਪੰਜਾਬ ’ਚ ਅਮਨ ਕਾਨੂੰਨ ਦੇ ਹਾਲਾਤ ਬਹੁਤ ਭਿਆਨਕ ਹੋ ਚੁੱਕੇ ਹਨ। ਦਿਨ-ਦਿਹਾੜੇ ਕਤਲ ਹੋ ਰਹੇ ਨੇ ਕਦੇ ਪੁਲਿਸ ਵਾਲਿਆਂ ਦੇ ਗੋਲੀ ਮਾਰ ਦਿਤੀ ਜਾਂਦੀ ਹੈ ਕਦੇ ਕਿਸੇ ਨੂੰ ਵਿਆਹ ਵਿੱਚ ਮਾਰ ਦਿੱਤਾ ਜਾਂਦਾ ਹੈ, ਸੜਕਾਂ ’ਤੇ ਜਾਂਦੇ ਲੋਕਾਂ ਦੇ ਕਤਲ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਮੁੱਦਿਆਂ ਅਤੇ ਪੰਥਕ ਮੁੱਦਿਆਂ ਨੂੰ ਲੈ ਕੇ ਅਸੀਂ ਪੰਜਾਬ ਵਿੱਚ ਲੋਕਾਂ ਕੋਲ ਜਾ ਰਹੇ ਹਾਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਦੇ ਇਸ਼ਾਰੇ ’ਤੇ ਚੱਲਦੀਆਂ ਪਾਰਟੀਆ ਨੇ ਕਦੇ ਪੰਜਾਬ ਦਾ ਭਲਾ ਨਹੀਂ ਕੀਤਾ ਤੇ ਜੇ ਅਸੀਂ ਆਪਣੀ ਕਹੀ ਜਾਂਦੀ ਪਾਰਟੀ ਦੇ ਹੱਥਾਂ ’ਚ ਪੰਜਾਬ ਸੌਂਪਿਆ ਤਾਂ ਉਨ੍ਹਾਂ ਨੇ ਵੀ ਸਾਡੀ ਪਿੱਠ ’ਚ ਛੁਰਾ ਖੋਭਿਆ ਹੈ। ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਵਿੱਚ ਕਿਸੇ ਫ਼ੁੱਟ ਤੋਂ ਉਨ੍ਹਾਂ ਇਨਕਾਰ ਕੀਤਾ ਤੇ ਕਿਹਾ ਕਿ ਜਿਲ੍ਹਾ ਜਥੇਬੰਦੀ ਨੇ ਕੋਈ ਸਮਾਨਾਂਤਰ ਮੀਟਿੰਗ ਨਹੀਂ ਸੀ ਕੀਤੀ ਸਗੋਂ ਇਹ ਮੀਟਿੰਗ ਹੋਲੇ-ਮਹੱਲੇ ’ਤੇ ਪਾਰਟੀ ਦੀ ਕਾਨਫਰੰਸ ਦੇ ਸਬੰਧ ’ਚ ਕੀਤੀ ਗਈ ਸੀ। ਉਨ੍ਹਾਂ ਜ਼ਿਲ੍ਹਾ ਪ੍ਰਧਾਨ ਵੱਲੋਂ ਅਸਤੀਫ਼ੇ ਦੀ ਚਰਚਾ ਤੋਂ ਵੀ ਇਨਕਾਰ ਕੀਤਾ। ਜ਼ਿਕਰਯੋਗ ਹੈ ਕਿ ਕੁਝ ਸਮੇਂ ਤੋਂ ਪਾਰਟੀ ਦੇ ਸੀਨੀਅਰ ਆਗੂਆਂ ਦੇ ਸਮਰਥਕ ਆਪਸੀ ਧੜਿਆਂ ਵਿੱਚ ਵੰਡੇ ਹੋਏ ਸਨ। ਇਹ ਧੜੇਬੰਦੀ 22 ਫਰਵਰੀ ਨੂੰ ਉਦੋਂ ਸਾਹਮਣੇ ਆਈ ਜਦੋਂ ਗੁਰਜੀਤ ਸਿੰਘ ਤਲਵੰਡੀ ਨੇ ਪ੍ਰੈੱਸ ਕਾਨਫਰੰਸ ’ਚ 25 ਫਰਵਰੀ ਨੂੰ ਹੋਣ ਵਾਲੀ ਪੰਥਕ ਕਾਨਫਰੰਸ ਨੂੰ 27 ਫਰਵਰੀ ਤੇ ਤਬਦੀਲ ਕਰਨ ਤੇ ਜ਼ਿਲ੍ਹਾ ਦਫ਼ਤਰ ਉਦਘਾਟਨ ਦਾ ਐਲਾਨ ਕੀਤਾ। ਅਗਲੇ ਦਿਨ 23 ਫਰਵਰੀ ਨੂੰ ਚੰਦੂਮਾਜਰਾ ਦੇ ਨਜ਼ਦੀਕੀ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। 25 ਫਰਵਰੀ ਨੂੰ ਚੰਦੂਮਾਜਰਾ ਸਮਰਥਕ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਈ ਸਰਕਲ ਪ੍ਰਧਾਨਾਂ ਦੇ ਸਮਰਥਨ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ 27 ਫਰਵਰੀ ਦੀ ਕਾਨਫਰੰਸ ਤੇ ਉਦਘਾਟਨ ਬਾਰੇ ਕੋਈ ਜਾਣਕਾਰੀ ਨਹੀਂ ਤੇ ਉਹ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਵਾਲੀ ਕਾਨਫਰੰਸ ਦੀ ਤਿਆਰੀ ’ਚ ਜੁਟੇ ਹਨ। ਅੱਜ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੇ ਗਏ ਜ਼ਿਲ੍ਹਾ ਦਫ਼ਤਰ ਦੇ ਉਦਘਾਟਨ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ ਮੌਜੂਦ ਨਹੀਂ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ’ਚ ਫ਼ੁੱਟ ਤੋਂ ਇਨਕਾਰ ਕਰਦਿਆਂ ਕਿਹਾ ਕਿ ਨਿੱਜੀ ਕਾਰਨਾਂ ਕਾਰਨ ਮਨਦੀਪ ਸਿੰਘ ਇੱਥੇ ਹਾਜ਼ਰ ਨਹੀਂ ਹੋ ਸਕੇ। ਅੱਜ ਸਮਾਗਮ ’ਚ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਗੁਰਜੀਤ ਸਿੰਘ ਤਲਵੰਡੀ, ਹਰਵੇਲ ਸਿੰਘ ਮਾਧੋਪੁਰ ਆਦਿ ਮੌਜੂਦ ਸਨ।