ਕਣਕ ਦੀ ਖ਼ਰੀਦ ਸਬੰਧੀ ਤਿਆਰੀਆਂ ਮੁਕੰਮਲ : ਚੇਅਰਮੈਨ ਰਾਜਾ
ਕਣਕ ਦੀ ਖ਼ਰੀਦ ਸਬੰਧੀ ਤਿਆਰੀਆਂ ਮੁਕੰਮਲ : ਚੇਅਰਮੈਨ ਰਾਜਾ
Publish Date: Thu, 09 Apr 2026 05:33 PM (IST)
Updated Date: Fri, 10 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਚਨਾਰਥਲ ਅਧੀਨ ਆਉਂਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਕਰਨ ਸਬੰਧੀ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਾਰੀਆਂ ਮੰਡੀਆਂ ਦੀ ਸਫਾਈ ਕਰਵਾ ਦਿੱਤੀ ਗਈ ਹੈ। ਪੀਣ ਵਾਲੇ ਪਾਣੀ ਤੋਂ ਲੈ ਕੇ ਹੋਰ ਜ਼ਰੂਰਤਾਂ ਦੀ ਪੂਰਤੀ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਬਾਰਿਸ਼ ਕਰ ਕੇ ਫਸਲ ਦਾ ਜੋ ਨੁਕਸਾਨ ਹੋਇਆ ਹੈ, ਉਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਕਰ ਦਿੱਤੇ ਹਨ। ਜੇ ਕਿਸੇ ਵੀ ਪਿੰਡ ਵਿੱਚ ਕਿਸੇ ਕਿਸਾਨ ਭਰਾ ਦਾ ਇਸ ਕੁਦਰਤ ਦੀ ਕਰੋਪੀ ਕਰਕੇ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਉਸ ਨਾਲ ਸਬੰਧਤ ਅਧਿਕਾਰੀਆਂ ਨਾਲ ਜਾਂ ਮਾਰਕੀਟ ਕਮੇਟੀ ਦਫ਼ਤਰ ਚਨਾਰਥਲ ਨਾਲ ਸੰਪਰਕ ਕਰ ਸਕਦਾ ਹੈ । ਚੇਅਰਮੈਨ ਰਾਜਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਨੂੰ ਦਿੱਤੀ ਜਾਂਦੀ ਰਕਮ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਆ ਗਈ ਹੈ ਅਤੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ 24 ਘੰਟੇ ਵਿੱਚ ਖ਼ਰੀਦ ਕੀਤੀ ਗਈ ਫਸਲ ਦਾ ਭੁਗਤਾਨ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਨਵੀਂ ਦੀ ਮਾਤਰਾ ਅਤੇ ਸੁੱਕੀ ਫਸਲ ਹੀ ਮੰਡੀ ਵਿੱਚ ਲਿਆਂਦੀ ਜਾਵੇ ਤਾਂ ਜੋ ਨਾਲ ਦੀ ਨਾਲ ਫ਼ਸਲ ਦੀ ਖ਼ਰੀਦ ਕੀਤੀ ਜਾ ਸਕੇ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ ।