ਲੋਕ ਅਕਾਲੀ ਸਰਕਾਰ ਸਮੇਂ ਹੋਏ ਵਿਕਾਸ ਨੂੰ ਕਰਦੇ ਨੇ ਯਾਦ : ਜਥੇਦਾਰ ਰਿਆ
ਲੋਕ ਅਕਾਲੀ ਸਰਕਾਰ ਸਮੇਂ ਹੋਏ ਵਿਕਾਸ ਨੂੰ ਅੱਜ ਵੀ ਯਾਦ ਕਰਦੇ ਨੇ : ਜਥੇਦਾਰ ਰਿਆ
Publish Date: Fri, 06 Mar 2026 05:29 PM (IST)
Updated Date: Fri, 06 Mar 2026 05:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਕਰਵਾਏ ਵਿਕਾਸ ਕਾਰਜ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਯਾਦ ਹਨ ਜਦਕਿ ਮੌਜੂਦਾ ਸਰਕਾਰ ਤੋਂ ਨਿਰਾਸ਼ਾ ਵਧ ਰਹੀ ਹੈ। ਇਹ ਵਿਚਾਰ ਰੱਖਿਦਆਂ ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਸ਼ਾਸਨ ਕਾਲ ’ਚ ਸੂਬੇ ਭਰ ਵਿਚ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਗਿਆ ਤੇ ਸੜਕਾਂ ਪੁਲਾਂ ਪਾਣੀ ਸਪਲਾਈ ਬਿਜਲੀ ਪ੍ਰਬੰਧ ਸਿੱਖਿਆ ਸੰਸਥਾਵਾਂ ਅਤੇ ਸਿਹਤ ਸਹੂਲਤਾਂ ’ਚ ਵੱਡੇ ਸੁਧਾਰ ਕੀਤੇ ਗਏ ਜਿਨ੍ਹਾਂ ਦਾ ਲਾਭ ਅੱਜ ਵੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਨੀਤੀਆਂ ਲੋਕ ਹਿਤੈਸ਼ੀ ਸਨ ਅਤੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਕੰਮ ਕੀਤਾ ਗਿਆ। ਉਨ੍ਹਾਂ ਮੌਜੂਦਾ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੋਣ ਵਾਅਦੇ ਅਮਲ ਵਿੱਚ ਨਹੀਂ ਆਏ ਅਤੇ ਲੋਕਾਂ ਵਿੱਚ ਰੋਸ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਦੀ ਆਰਥਿਕ ਸਥਿਤੀ ਡਿੱਗ ਰਹੀ ਹੈ। ਜਥੇਦਾਰ ਰਿਆ ਨੇ ਕਿਹਾ ਕਿ ਬੇਰੁਜ਼ਗਾਰੀ ਕਿਸਾਨੀ ਸੰਕਟ ਵਪਾਰ ਮੰਦਗੀ ਅਤੇ ਮਹਿੰਗਾਈ ਨੇ ਆਮ ਆਦਮੀ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਰਿਆ ਨੇ 25 ਮਾਰਚ ਨੂੰ ਅਮਲੋਹ ਵਿਖੇ ਅਕਾਲੀ ਦਲ ਰੈਲੀ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਵੱਡੀ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ।