ਗਲੀ ’ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨ
ਗਲੀ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨ
Publish Date: Thu, 19 Mar 2026 05:29 PM (IST)
Updated Date: Thu, 19 Mar 2026 05:31 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਪਿੰਡ ਲੱਖਾ ਸਿੰਘ ਵਾਲਾ ਵਿਖੇ ਇਕ ਗਲੀ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਾਣੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਗਲੀ ਨਿਵਾਸੀਆਂ ਦਾ ਦੋਸ਼ ਹੈ ਕਿ ਗਲੀ ਵਿਚ ਕੁਝ ਲੋਕਾਂ ਨੇ ਆਪਣੇ ਘਰਾਂ ਵਿਚ ਵੱਡੀ ਗਿਣਤੀ ਵਿਚ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਹਨ। ਇਨ੍ਹਾਂ ਘਰਾਂ ਦੇ ਮਾਲਕਾਂ ਵੱਲੋਂ ਡੰਗਰਾਂ ਦੇ ਮਲ ਮੂਤਰ ਦੀ ਨਿਕਾਸੀ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਇਨ੍ਹਾਂ ਮੱਝਾਂ ਅਤੇ ਗਾਵਾਂ ਦਾ ਗੋਹਾ ਅਤੇ ਮਲ ਮੂਤਰ ਗਲੀਆਂ ਵਿਚ ਖੜ੍ਹਾ ਰਹਿੰਦਾ ਹੈ। ਇਸ ਗੰਦੇ ਪਾਣੀ ਕਾਰਨ ਜਿੱਥੇ ਇਸ ’ਚੋਂ ਪੈਦਲ ਲੰਘਣਾ ਮੁਸ਼ਕਲ ਹੈ ਉਥੇ ਹੀ ਇਹ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਬੰਧਤ ਮਾਲਕਾਂ ਨੂੰ ਕਈ ਵਾਰ ਨੂੰ ਇਸ ਸਮੱਸਿਆ ਦੇ ਹੱਲ ਸਬੰਧੀ ਕਈ ਦਫਾ ਕਿਹਾ ਗਿਆ ਹੈ ਪ੍ਰੰਤੂ ਇਨ੍ਹਾਂ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਨਾਂ ਵੱਲੋਂ ਇਸ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਤੋਂ ਇਲਾਵਾ ਬੀਡੀਪੀਓ ਅਮਲੋਹ, ਸਿਹਤ ਵਿਭਾਗ ਅਤੇ ਹੋਰ ਉਚ ਅਧਿਕਾਰੀ ਨੂੰ ਕੀਤੀ ਗਈ ਹੈ ਪਰ ਕਿਸੇ ਵੱਲੋਂ ਵੀ ਇਸ ਸਮੱਸਿਆ ਦਾ ਹੱਲ ਨਹੀਂ ਕਰਵਾਇਆ ਜਾ ਰਿਹਾ। ਮੁਹੱਲਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਇੱਕ ਪਾਸੇ ਤਾਂ ਪੰਚਾਇਤ ਅਤੇ ਸਿਹਤ ਵਿਭਾਗ ਵੱਲੋਂ ਘਰਾਂ ਵਿੱਚ ਜਾ ਕੇ ਚਲਾਨ ਕੀਤੇ ਜਾ ਰਹੇ ਹਨ ਕਿ ਗਮਲਿਆਂ ਆਦਿ ’ਚ ਪਾਣੀ ਨਾ ਖੜ੍ਹਾ ਹੋਵੇ ਪਰ ਗਲੀ ਵਿਚ ਖੜ੍ਹਾ ਗੰਦਾ ਪਾਣੀ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ। ਜਦੋਂ ਇਸ ਸਬੰਧੀ ਪਿੰਡ ਦੀ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੰਚਾਇਤ ਦੇ ਕਹਿਣ ਦੇ ਬਾਵਜੂਦ ਉਹਨਾਂ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਕੀਤਾ ਜਾ ਰਿਹਾ। ਪੰਚਾਇਤ ਵੱਲੋਂ ਇਸ ਦੇ ਸ਼ਿਕਾਇਤ ਬੀਡੀਪੀਓ ਅਮਲੋਹ ਨੂੰ ਕੀਤੀ ਗਈ ਹੈ।