ਸਾਂਝ ਕੇਂਦਰਾਂ ਵਿਚ ਸਟਾਫ ਦੀ ਕਮੀ ਦੇ ਚਲਦੇ ਲੋਕ ਹੋ ਰਹੇ ਹਨ ਖੱਜਲ
ਸਾਂਝ ਕੇਂਦਰਾਂ ਵਿਚ ਸਟਾਫ ਦੀ ਕਮੀ ਦੇ ਚਲਦੇ ਲੋਕ ਹੋ ਰਹੇ ਹਨ ਖੱਜਲ
Publish Date: Tue, 17 Mar 2026 05:04 PM (IST)
Updated Date: Tue, 17 Mar 2026 05:07 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਸਾਂਝ ਕੇਂਦਰ ਪੰਜਾਬ ਪੁਲਿਸ ਦੁਆਰਾ ਪੁਲਿਸ ਅਤੇ ਜਨਤਾ ਵਿਚਕਾਰ ਇਕ ਪੁਲ ਵਜੋਂ ਕੰਮ ਕਰਨ ਲਈ ਸਥਾਪਿਤ ਕੀਤੇ ਗਏ ਕਮਿਊਨਿਟੀ ਪੁਲਿਸਿੰਗ ਸਰੋਤ ਕੇਂਦਰ ਹਨ। ਜਿਸ ਦਾ ਉਦੇਸ਼ ਨਾਗਰਿਕ-ਅਨੁਕੂਲ ਸੇਵਾਵਾਂ ਪ੍ਰਦਾਨ ਕਰਨਾ, ਪਾਰਦਰਸ਼ਤਾ ਵਿਚ ਸੁਧਾਰ ਕਰਨਾ ਅਤੇ ਪੁਲਿਸਿੰਗ ਵਿਚ ਭਾਈਚਾਰਕ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪੁਲਿਸ ਸੇਵਾਵਾਂ ਲਈ ਫ਼ਰੰਟ ਆਫਿਸ ਵਜੋਂ ਕੰਮ ਕਰਦੇ ਹਨ, ਮੁੱਖ ਤੌਰ ’ਤੇ ਗੈਰ-ਜਾਂਚ, ਪ੍ਰਸ਼ਾਸਕੀ ਕੰਮਾਂ ਅਤੇ ਸਮਾਜਿਕ ਮੁੱਦਿਆਂ ਨਾਲ ਨਜਿੱਠਦੇ ਹਨ ਤਾਂ ਜੋ ਪੁਲਿਸ ਨੂੰ ਵਧੇਰੇ ਪਹੁੰਚਯੋਗ ਬਣਾਇਆ ਜਾ ਸਕੇ। ਪਰ ਸਾਂਝ ਕੇਂਦਰਾਂ ਵਿਚ ਸਟਾਫ ਦੀ ਕਮੀ ਦੇ ਚਲਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਂਝ ਕੇਂਦਰ ਦਾ ਮੁੱਖ ਕੰਮ ਪਾਸਪੋਰਟ ਦੀ ਵੈਰੀਫਿਕੇਸ਼ਨ, ਪੀਸੀਸੀ ਪੁਲਿਸ ਕਲੀਅਰੈਂਸ ਸਰਟੀਫਿਕੇਟ, ਗੁਮਸ਼ੁਦਾ ਮੋਬਾਈਲ ਦੀ ਰਿਪੋਰਟ ਲਿਖਾਉਣਾ, ਐਫਆਈਆਰ ਦੀ ਕਾਪੀ ਦੇਣਾ ਤੋ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਹਨ। ਇਨ੍ਹਾਂ ਸੇਵਾਵਾਂ ਲਈ ਸਰਕਾਰ ਵੱਲੋਂ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਪਰ ਸਟਾਫ ਦੀ ਕਮੀ ਤੇ ਚਲਦੇ ਲੋਕ ਪਰੇਸ਼ਾਨ ਹੋ ਰਹੇ ਹਨ। ਅਮਲੋਹ ਸਥਿਤ ਸਾਂਝ ਕੇਂਦਰ ਦੀ ਗੱਲ ਕਰੀਏ ਤਾਂ ਇਸ ਸਾਂਝ ਕੇਂਦਰ ਵਿਚ ਤਿੰਨ ਮੁਲਾਜ਼ਮ ਤੈਨਾਤ ਹਨ। ਜਿਨਾਂ ਵਿਚ ਇਕ ਇੰਚਾਰਜ ਇਕ ਆਪਰੇਟਰ ਅਤੇ ਇਕ ਸੇਵਾਦਾਰ ਹੈ। ਪਰ ਅਕਸਰ ਮੁਲਾਜ਼ਮਾਂ ਦੀ ਡਿਊਟੀ ਕਿੱਥੇ ਹੋਰ ਲਗਾ ਦੇਣ ਕਾਰਨ ਲੋਕਾਂ ਨੂੰ ਆਪਣੇ ਕੰਮਕਾਰ ਕਰਵਾਉਣ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਜਦੋਂ ਸਾਂਝ ਕੇਂਦਰ ਦਾ ਦੌਰਾ ਕੀਤਾ ਗਿਆ ਤਾਂ ਸਿਰਫ਼ ਇਕ ਕਰਮਚਾਰੀ ਜੋ ਕਿ ਸਾਂਝ ਕੇਂਦਰ ਦਾ ਇੰਚਾਰਜ ਹੈ ਵੱਲੋਂ ਹੀ ਸਾਰੇ ਕੰਮ ਕੀਤੇ ਜਾ ਰਹੇ ਸਨ ਬਾਕੀ ਦੇ ਕਾਊਂਟਰ ਖ਼ਾਲੀ ਪਏ ਸਨ। ਪਿੰਡ ਸਲਾਣਾ ਦੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਲੜਕੇ ਅਤੇ ਬੇਟੀ ਦੀ ਪੀਸੀਸੀ 10 ਮਾਰਚ ਨੂੰ ਅਪਲਾਈ ਕੀਤੀ ਸੀ। ਪਰ ਸਾਂਝ ਕਹਿੰਦੇ ਵਿਚ ਸਟਾਫ ਦੀ ਕਮੀ ਤੇ ਚਲਦੇ ਉਸ ਦੀ ਪੀਸੀਸੀ ਦਾ ਕੰਮ ਅਧੂਰਾ ਪਿਆ ਹੈ। ਸਾਂਝ ਕੇਂਦਰ ਵਿਚ ਮੌਜੂਦ ਹੋਰ ਕਈ ਵਿਅਕਤੀਆਂ ਨੇ ਦੱਸਿਆ ਕਿ ਜਦੋਂ ਉਹ ਸਾਂਝ ਕੇਂਦਰ ਵਿਚ ਆਪਣੇ ਕੰਮ ਕਰ ਲਈ ਆਉਂਦੇ ਨੇ ਤਾਂ ਉੱਥੋਂ ਜਵਾਬ ਮਿਲਦਾ ਹੈ ਕਿ ਮੁਲਾਜ਼ਮਾਂ ਦੀ ਡਿਊਟੀ ਕਿਸੇ ਹੋਰ ਪਾਸੇ ਲੱਗ ਗਈ ਹੈ। ਬੇਸ਼ਕ ਸਰਕਾਰ ਵੱਲੋਂ ਇਨ੍ਹਾਂ ਸਹੂਲਤਾਂ ਲਈ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਪਰ ਸਾਂਝ ਕੇਂਦਰ ਅਮਲੋਹ ਵਿਚ ਫਰਵਰੀ ਮਹੀਨੇ ਦੀਆਂ ਫਾਈਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਲੋਕਾਂ ਨੇ ਰੋਸ ਪ੍ਰਗਟ ਕੀਤਾ ਕਿ ਸਰਕਾਰ ਵੱਲੋਂ ਵੱਡੇ ਵੱਡੇ ਇਸ਼ਤਿਹਾਰ ਲਗਾ ਕੇ ਘਰ ਬੈਠੇ ਸਾਰੀਆਂ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸਰਕਾਰੀ ਦਫਤਰਾਂ ਵਿਚ ਲੋਕਾਂ ਨੂੰ ਧੱਕੇ ਖਾਣੇ ਪੈ ਰਹੇ ਹਨ।