ਡੀਬੀਯੂ ’ਚ ਪਾਥ ਫਾਈਂਡਰ 3.0 ਸਮਾਗਮ ਕਰਵਾਇਆ
ਦੇਸ਼ ਭਗਤ ਯੂਨੀਵਰਸਿਟੀ ’ਚ ਪਾਥ ਫਾਈਂਡਰ 3.0 ਦਾ ਆਯੋਜਨ, 10 ਲੱਖ ਦੀ ਫੰਡਿੰਗ ਤੇ ਨਕਦ ਇਨਾਮਾਂ ਦਾ ਐਲਾਨ
Publish Date: Sat, 25 Apr 2026 05:44 PM (IST)
Updated Date: Sat, 25 Apr 2026 05:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਦੋ-ਦਿਨਾਂ ਟੈੱਕ ਫੈਸਟ ‘ਪਾਥ ਫਾਈਂਡਰ 3.0 – ਨਵਾਚਾਰ, ਰਚਨਾਤਮਕਤਾ ਤੇ ਮੁਕਾਬਲੇ ਦੀ ਖੋਜ’ ਦਾ ਸਫਲ ਕਰਵਾਇਆ ਗਿਆ। ਫੈਕਲਟੀ ਆਫ਼ ਇੰਜੀਨੀਅਰਿੰਗ ਟੈਕਨਾਲੋਜੀ ਐਂਡ ਕੰਪਿਊਟਿੰਗ ਅਤੇ ਫੈਕਲਟੀ ਆਫ਼ ਐਗਰੀਕਲਚਰ ਐਂਡ ਲਾਈਫ ਸਾਇੰਸਜ਼ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਸਮਾਗਮ ’ਚ ਪੰਜਾਬ, ਦਿੱਲੀ ਅਤੇ ਨੇੜਲੇ ਇਲਾਕਿਆਂ ਦੀਆਂ 30 ਤੋਂ ਵੱਧ ਟੀਮਾਂ ਨੇ ਸ਼ਮੂਲੀਅਤ ਕੀਤੀ। ਇਸ ਫੈਸਟ ਦੌਰਾਨ ਹੈਕਾਥਨ, ਆਈਡਿਯਾਥਾਨ, ਤਕਨੀਕੀ ਕੁਇਜ਼, ਪੋਸਟਰ ਮੇਕਿੰਗ, ਸਟਾਰਟਅਪ ਪਿਚ ਅਤੇ ਗੇਮਿੰਗ ਵਰਗੇ ਕਈ ਮੁਕਾਬਲੇ ਕਰਵਾਏ ਗਏ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਡਾ. ਹਰਸ਼ ਸਦਾਵਰਤੀ ਨੇ ਖੋਜ ਅਤੇ ਅਕਾਦਮਿਕ ਗਿਆਨ ਨੂੰ ਅਸਲ ਜੀਵਨ ਨਾਲ ਜੋੜਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਿਪਟੀ ਡਾਇਰੈਕਟਰ ਡਾ. ਖੁਸ਼ਬੂ ਬਾਂਸਲ ਨੇ ਉਦਯੋਗ-ਅਕਾਦਮਿਕ ਸਹਿਯੋਗ ਬਾਰੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਵਜੋਂ ਪਹੁੰਚੇ ਟੀਆਈਈ ਚੰਡੀਗੜ੍ਹ ਦੇ ਮੁਖੀ ਪੁਨੀਤ ਵਰਮਾ ਨੇ ਵਿਦਿਆਰਥੀਆਂ ਨੂੰ ਸਟਾਰਟਅਪ ਦੇ ਮੌਕਿਆਂ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪ੍ਰੋ. ਡਾ. ਦੀਪਿੰਦਰ ਕੌਰ ਬਖ਼ਸ਼ੀ ਨੇ ਬੌਧਿਕ ਸੰਪਦਾ ਅਧਿਕਾਰਾਂ ਅਤੇ ਪੇਟੈਂਟ ਦੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ, ਜਦਕਿ ਪ੍ਰੋ. ਡਾ. ਸ਼ਾਲਿਨੀ ਗੁਪਤਾ ਨੇ ਤਕਨੀਕੀ ਕੁਸ਼ਲਤਾ ਦੇ ਨਾਲ ਨੈਤਿਕਤਾ ਦੇ ਸੰਤੁਲਨ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਯੂਨੀਵਰਸਿਟੀ ਵੱਲੋਂ ਸਰਵੋਤਮ ਨਵਚਾਰੀ ਟੀਮਾਂ ਲਈ 10 ਲੱਖ ਰੁਪਏ ਤੋਂ ਵੱਧ ਦੀ ਫੰਡਿੰਗ ਅਤੇ 70,000 ਰੁਪਏ ਦੇ ਨਕਦ ਇਨਾਮਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਨਿਵੇਸ਼ਕਾਂ ਦੇ ਪੈਨਲ ’ਚ ਦੀਪਕ ਗਰਗ, ਸ਼ਿਬਾਨੰਦ ਦਾਸ, ਨਿਤੀਸ਼ ਕੁਮਾਰ ਚਾਵਲਾ, ਤਥਾਗਤ ਕੁਮਾਰ, ਗਿਰੀਸ਼ ਮਿੱਤਲ, ਪੁਲਕਿਤ ਖੁਰਾਨਾ ਅਤੇ ਨਿਖਿਲ ਗੁਪਤਾ ਨੇ ਭਾਗੀਦਾਰਾਂ ਦਾ ਮਾਰਗਦਰਸ਼ਨ ਕੀਤਾ। ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।