ਯੂਨੀਵਰਸਿਟੀ ’ਚ ਸਾਹਿਤਕ ਕਿਰਦਾਰਾਂ ਦੀ ਚਿੱਤਰਕਾਰੀ ਕਰਵਾਈ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਸਾਹਿਤਕ ਕਿਰਦਾਰਾਂ ਦੀ ਚਿੱਤਰਕਾਰੀ’ ਦਾ ਆਯੋਜਨ
Publish Date: Sat, 21 Mar 2026 04:43 PM (IST)
Updated Date: Sat, 21 Mar 2026 04:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਵਿਭਾਗ ਵੱਲੋਂ ‘ਸਕੇਚਿੰਗ ਦਿ ਲਿਟਰੇਰੀ ਕਰੈਕਟਰ’ ਸਿਰਲੇਖ ਹੇਠ ਇੱਕ ਰਚਨਾਤਮਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਡਾ. ਅੰਕਦੀਪ ਕੌਰ ਅਟਵਾਲ, ਮੁਖੀ, ਅੰਗਰੇਜ਼ੀ ਵਿਭਾਗ ਦੀ, ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਆਪਣੇ ਕਲਾਤਮਕ ਹੁਨਰ ਰਾਹੀਂ ਪ੍ਰਸਿੱਧ ਸਾਹਿਤਕ ਕਿਰਦਾਰਾਂ ਦੇ ਸਕੇਚ ਬਣਾਏ। ਇਸ ਸਰਗਰਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਹਿਤ ਨਾਲ ਗਹਿਰਾਈ ਨਾਲ ਜੋੜਨਾ ਅਤੇ ਆਪਣੇ ਵਿਚਾਰਾਂ ਨੂੰ ਕਲਾ ਰਾਹੀਂ ਪ੍ਰਗਟ ਕਰਨ ਲਈ ਪ੍ਰੇਰਿਤ ਕਰਨਾ ਸੀ। ਵਿਦਿਆਰਥੀਆਂ ਵੱਲੋਂ ਜੂਲੀਅਸ ਸੀਜ਼ਰ, ਮੇਫਿਸਟੋਫਿਲਿਸ, ਡਾ. ਫਾਊਸਟਸ, ਹੀਥਕਲਿਫ, ਸ਼ਾਰਲਟ ਪਰਕਿਨਸ ਗਿਲਮੈਨ ਦੀ ਕਹਾਣੀ ਦਿ ਯੈਲੋ ਵਾਲਪੇਪਰ ਦੀ ਮਹਿਲਾ ਨਾਇਕਾ, ਅੰਧਾ ਯੁਗ ਦੀ ਦ੍ਰੌਪਦੀ, ਹਰਕਿਊਲੀਸ, ਐਲਾਈਜ਼ਾ ਡੂਲਿਟਲ, ਐਲਿਸ ਇਨ ਵੰਡਰਲੈਂਡ ਦੀ ਐਲਿਸ ਅਤੇ ਡੋਰਿਅਨ ਗਰੇ ਆਦਿ ਕਿਰਦਾਰਾਂ ਨੂੰ ਬੜੀ ਸੁੰਦਰਤਾ ਅਤੇ ਰਚਨਾਤਮਕਤਾ ਨਾਲ ਪੇਸ਼ ਕੀਤਾ ਗਿਆ। ਹਰ ਇਕ ਕਲਾ-ਕ੍ਰਿਤੀ ਵਿਦਿਆਰਥੀਆਂ ਦੀ ਕਲਪਨਾਸ਼ਕਤੀ ਅਤੇ ਸਾਹਿਤਕ ਸਮਝ ਨੂੰ ਦਰਸਾਉਂਦੀ ਸੀ। ਇਸ ਮੌਕੇ ਪ੍ਰੋ. ਡਾ. ਪਰਿਤਪਾਲ ਸਿੰਘ, ਵਾਈਸ ਚਾਂਸਲਰ ਅਤੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਡਾ. ਅੰਕਦੀਪ ਕੌਰ ਅਟਵਾਲ ਨੇ ਵੀ ਭਾਗੀਦਾਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਰਚਨਾਤਮਕ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਇੱਕ ਯਾਦਗਾਰ ਅਨੁਭਵ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ਵਿੱਚ ਕਲਾਤਮਕਤਾ ਅਤੇ ਸਾਹਿਤ ਪ੍ਰਤੀ ਰੁਚੀ ਹੋਰ ਮਜ਼ਬੂਤ ਹੋਈ ਹੈ।