ਅਧਿਆਪਕਾਂ ’ਤੇ ਗੈਰ-ਸਿੱਖਿਆ ਕੰਮਾਂ ਦਾ ਬੋਝ ਪਾਉਣ ਦਾ ਵਿਰੋਧ
ਅਧਿਆਪਕਾਂ ’ਤੇ ਗੈਰ-ਸਿੱਖਿਆ ਕੰਮਾਂ ਦਾ ਬੋਝ ਪਾਉਣ ਦਾ ਵਿਰੋਧ
Publish Date: Sat, 21 Mar 2026 04:49 PM (IST)
Updated Date: Sat, 21 Mar 2026 04:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ’ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ਜ਼ਮੀਨੀ ਹਕੀਕਤ ਤੋਂ ਦੂਰ ਦੱਸਿਆ ਹੈ। ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਪੰਜਾਬ ਬਚਾਓ ਰੈਲੀ ਸਬੰਧੀ ਮੀਟਿੰਗਾਂ ਦੌਰਾਨ ਰਾਜੂ ਖੰਨਾ ਨੇ ਕਿਹਾ ਕਿ ਅਧਿਆਪਕਾਂ ’ਤੇ ਗੈਰ-ਸਿੱਖਿਆ ਕੰਮਾਂ ਦਾ ਬੋਝ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਨੂੰ ਚੋਣ ਡਿਊਟੀ, ਸਰਵੇ, ਨਸ਼ੇ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ, ਪਰਾਲੀ ਸਾੜਨ ਦੀ ਨਿਗਰਾਨੀ ਅਤੇ ਹੈਲਥ ਇੰਸ਼ੋਰੈਂਸ ਕਾਰਡ ਤਿਆਰ ਕਰਨ ਵਰਗੇ ਕੰਮਾਂ ਵਿਚ ਲਾਇਆ ਜਾ ਰਿਹਾ ਹੈ। ਹਾਲ ਹੀ ਵਿਚ ਡਰੱਗ ਜਨਗਣਨਾ ਲਈ ਅਧਿਆਪਕਾਂ ਨੂੰ ਐੱਨਯੂਮਰੇਟਰ ਵਜੋਂ ਤਾਇਨਾਤ ਕਰਨ ਦੇ ਹੁਕਮ ਨਾਲ ਉਨ੍ਹਾਂ ਦਾ ਕੰਮ ਹੋਰ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਧਿਆਪਕ ਸਿਰਫ਼ ਪੜ੍ਹਾਉਣਗੇ ਪਰ ਅਸਲ ਵਿਚ ਉਨ੍ਹਾਂ ਨੂੰ ਹਰ ਪ੍ਰਸ਼ਾਸਕੀ ਕੰਮ ਵਿਚ ਲਾਇਆ ਜਾ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਸਿੱਧੇ ਤੌਰ ’ਤੇ ਪ੍ਰਭਾਵਿਤ ਹੋ ਰਹੀ ਹੈ। ਰਾਜੂ ਖੰਨਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਕੰਮ ਬੇਰੁਜ਼ਗਾਰ ਨੌਜਵਾਨਾਂ ਜਾਂ ਐੱਨਜੀਓ ਵਲੰਟੀਅਰਾਂ ਰਾਹੀਂ ਕਰਵਾਏ ਜਾਣ ਤਾਂ ਜੋ ਸਿੱਖਿਆ ਪ੍ਰਣਾਲੀ ਨੂੰ ਨੁਕਸਾਨ ਨਾ ਪਹੁੰਚੇ ਅਤੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲ ਸਕੇ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਗੈਰ-ਸਿੱਖਿਆ ਕੰਮਾਂ ਤੋਂ ਤੁਰੰਤ ਮੁਕਤ ਕੀਤਾ ਜਾਵੇ ਅਤੇ ਨੀਤੀਆਂ ਦੀ ਸਮੀਖਿਆ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੁਧਾਰ ਨਾ ਹੋਏ ਤਾਂ ਅਕਾਲੀ ਦਲ ਵੱਡੇ ਆੰਦੋਲਨ ਲਈ ਮਜਬੂਰ ਹੋਵੇਗਾ। ਖੰਨਾ ਨੇ ਹਲਕਾ ਅਮਲੋਹ ਦੀ ਸੰਗਤ ਨੂੰ 25 ਮਾਰਚ ਨੂੰ ਅਨਾਜ ਮੰਡੀ ਅਮਲੋਹ ਵਿਖੇ ਹੋਣ ਵਾਲੀ ਪੰਜਾਬ ਬਚਾਓ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਨ੍ਹਾਂ ਮੀਟਿੰਗਾਂ ਨੂੰ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਥੇਦਾਰ ਸ਼ਰਧਾ ਸਿੰਘ ਛੰਨਾ, ਜਥੇਦਾਰ ਜਸਵਿੰਦਰ ਸਿੰਘ ਗਰੇਵਾਲ, ਯੂਥ ਆਗੂ ਰੇਸ਼ਮ ਸਿੰਘ ਵਿਰਕ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਅੱਜ ਰਾਜੂ ਖੰਨਾ ਵੱਲੋਂ ਪਿੰਡ ਰਾਮਗੜ੍ਹ, ਰਾਏਪੁਰ ਅਰਾਇਆ, ਖਨਿਆਣ, ਮਾਜਰੀ ਅਰਾਈਆ, ਅਲਾਦਾਦਪੁਰ, ਬੈਣੀ ਜੇਰ, ਭਾਬਰੀ, ਮਛਰਾਈ ਖ਼ੁਰਦ, ਮਛਰਾਏ ਕਲਾ, ਰਾਜਗੜ ਛੰਨਾ, ਹਿੰਮਤਗੜ ਛੰਨਾ, ਰੁੜਕੀ, ਮਾਲੋਵਾਲ, ਟੱਬੀ ਤੇ ਬੁੱਗਾ ਕਲਾਂ ਪ੍ਰਮੁੱਖ ਆਦਿ ਮੌਜੂਦ ਸਨ।