ਕਾਂਗਰਸੀਆਂ ਨੇ ਲੋਕਤੰਤਰ ਮਜ਼ਬੂਤ ਕਰਨ ਦਾ ਲਿਆ ਅਹਿਦ
ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਕਾਂਗਰਸੀਆਂ ਨੇ ਲੋਕਤੰਤਰ ਮਜ਼ਬੂਤ ਕਰਨ ਦਾ ਲਿਆ ਅਹਿਦ
Publish Date: Sat, 25 Apr 2026 05:46 PM (IST)
Updated Date: Sat, 25 Apr 2026 05:49 PM (IST)

ਫ਼ੋਟੋ ਫ਼ਾਈਲ : 12 ਕਾਂਗਰਸ ਭਵਨ ਚੰਡੀਗੜ੍ਹ ਵਿਖੇ ਕਰਵਾਏ ਸੰਮੇਲਨ ਵਿਚ ਮੌਜੂਦ ਸੀਨੀਅਰ ਕਾਂਗਰਸੀ ਆਗੂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸੂਬਾ ਚੇਅਰਮੈਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਦੀ ਅਗਵਾਈ ਹੇਠ ਸੂਬਾ ਪੱਧਰੀ ਸੰਮੇਲਨ ਕਰਵਾਇਆ ਗਿਆ। ਸੰਗਠਨ ਦੇ ਸੂਬਾ ਕੋ-ਕਨਵੀਨਰ ਡਾ ਅਮਨਦੀਪ ਕੌਰ ਢੋਲੇਵਾਲ ਨੇ ਦੱਸਿਆ ਕਿ ਪੰਜਾਬ ਭਰ ਤੋਂ ਆਏ ਚੁਣੇ ਹੋਏ ਨੁਮਾਇੰਦਿਆਂ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੀ ਦੂਰਅੰਦੇਸ਼ੀ ਅਗਵਾਈ ਨੂੰ ਯਾਦ ਕਰਦਿਆਂ ਜ਼ਮੀਨੀ ਪੱਧਰ ’ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ 73ਵੀਂ ਸੰਵਿਧਾਨਕ ਸੋਧ ਰਾਹੀਂ ਪੰਚਾਇਤਾਂ ਨੂੰ ਸੰਵਿਧਾਨਕ ਦਰਜਾ ਦੇ ਕੇ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਅਤੇ ਪੇਂਡੂ ਭਾਰਤ ਨੂੰ ਸਹੀ ਮਾਇਨਿਆਂ ’ਚ ਤਾਕਤਵਰ ਬਣਾਇਆ। ਸਮਾਗਮ ’ਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਸ਼ਟਰੀ ਚੇਅਰਮੈਨ ਡਾ. ਸੁਨੀਲ ਪੰਵਾਰ, ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਏਆਈਸੀਸੀ ਸਕੱਤਰ ਕੁਮਾਰੀ ਹੀਨਾ ਕਾਵਰੇ, ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਮਨਰੇਗਾ ਪੰਜਾਬ ਦੇ ਚੀਫ਼ ਕੋਆਰਡੀਨੇਟਰ ਗਗਨਦੀਪ ਸਿੰਘ ਬੌਬੀ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਚੇਅਰਮੈਨ ਸੁਖਵੰਤ ਸਿੰਘ ਬਰਾੜ ਅਤੇ ਸੀਤਾ ਰਾਮ ਲਾਂਬਾ ਸਮੇਤ ਸੀਨੀਅਰ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਅਤੇ ਡਾ ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਪੰਚਾਇਤੀ ਨੁਮਾਇੰਦਿਆਂ ਦਾ ਉਤਸ਼ਾਹ ਸਿੱਧ ਕਰਦਾ ਹੈ ਕਿ ਉਹ ਰਾਜੀਵ ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਤਿਆਰ ਹਨ। ਉਨ੍ਹਾਂ ਪੰਚਾਇਤੀ ਸੰਸਥਾਵਾਂ ਦੀ ਖ਼ੁਦਮੁਖਤਿਆਰੀ ਬਰਕਰਾਰ ਰੱਖਣ ਅਤੇ ਪੇਂਡੂ ਪੰਜਾਬ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਤੇ ਆਤਮ-ਨਿਰਭਰ ਬਣਾਉਣ ਦੀ ਵਚਨਬੱਧਤਾ ਦੁਹਰਾਈ। ਅੰਤ ’ਚ ਸਮੂਹ ਮਹਿਮਾਨਾਂ ਅਤੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ ਗਿਆ।