ਸਿਹਤ ਕਾਰਡਾਂ ਦੇ ਕਿਸੇ ਨੂੰ ਪੈਸੇ ਨਾ ਦਿਓ : ਧਾਲੀਵਾਲ
ਸਿਹਤ ਦੇ ਕਾਰਡ ਬਣਾਉਣ ਲਈ ਕਿਸੇ ਨੂੰ ਪੈਸੇ ਨਾ ਦਿੱਤਾ ਜਾਣ: ਪ੍ਰਿੰਸ ਧਾਲੀਵਾਲ
Publish Date: Sat, 21 Feb 2026 05:51 PM (IST)
Updated Date: Sat, 21 Feb 2026 05:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਪ੍ਰਿੰਸ ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਸਿਹਤ ਕਾਰਡ ਬਿਲਕੁਲ ਮੁਫ਼ਤ ਹਨ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਸਾ ਨਹੀਂ ਦੇਣਾ ਪੈਂਦਾ। ਉਨ੍ਹਾਂ ਦੱਸਿਆ ਕਿ ਯੂਥ ਵਿੰਗ ਵੱਲੋਂ ਹਰ ਪਿੰਡ ਅਤੇ ਹਰ ਵਾਰਡ ਵਿੱਚ ਕਾਰਡੀਨੇਟਰ ਨਿਯੁਕਤ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਜਾਂ ਖੱਜਲ-ਖੁਆਰੀ ਨਾ ਝੱਲਣੀ ਪਵੇ। ਇਸ ਤੋਂ ਇਲਾਵਾ ਯੂਥ ਵਿੰਗ ਵੱਲੋਂ ਲੋਕਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਇਹ ਯੋਜਨਾ ਮੁਫ਼ਤ ਹੈ ਅਤੇ ਕਿਸੇ ਨੂੰ ਵੀ ਕੋਈ ਰਕਮ ਨਹੀਂ ਦੇਣੀ ਚਾਹੀਦੀ। ਪ੍ਰਿੰਸ ਧਾਲੀਵਾਲ ਨੇ ਕਿਹਾ ਕਿ ਕੁਝ ਸ਼ਰਾਰਤੀ ਤੇ ਵਿਰੋਧੀ ਅਨਸਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਰਿਸ਼ਵਤ ਜਾਂ ਪੈਸੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਇਸ ਗਲਤਫਹਿਮੀ ਦਾ ਸ਼ਿਕਾਰ ਨਾ ਹੋਣ ਅਤੇ ਸਰਕਾਰ ਵੱਲੋਂ ਮਨਜ਼ੂਰ ਸੀਐਸਸੀ ਸੈਂਟਰਾਂ ਤੇ ਜਾ ਕੇ ਆਪਣੇ ਪਰਿਵਾਰ ਨਾਲ ਫੋਟੋ ਕਰਵਾ ਕੇ ਮੁਫ਼ਤ ਸਿਹਤ ਕਾਰਡ ਬਣਵਾਉਣ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਤਰ੍ਹਾਂ ਰਿਸ਼ਵਤ ਲੈਣ ਜਾਂ ਪੈਸੇ ਮੰਗਣ ਵਾਲਿਆਂ ਖਿਲਾਫ਼ ਪਾਰਟੀ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।