ਸਾਨੀਪੁਰ ਵਿਖੇ 'ਪ੍ਰੋਜੈਕਟ ਅੰਮ੍ਰਿਤ' ਦੇ ਚੌਥੇ ਪੜਾਅ ਤਹਿਤ ਸਫ਼ਾਈ ਮੁਹਿੰਮ ਵਿੱਢੀ
ਨਿਰੰਕਾਰੀ ਮਿਸ਼ਨ ਵੱਲੋਂ ਸਾਨੀਪੁਰ ਵਿਖੇ 'ਪ੍ਰੋਜੈਕਟ ਅਮ੍ਰਿਤ' ਦੇ ਚੌਥੇ ਪੜਾਅ ਤਹਿਤ ਸਫ਼ਾਈ ਮੁਹਿਮ
Publish Date: Mon, 23 Feb 2026 05:05 PM (IST)
Updated Date: Mon, 23 Feb 2026 05:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਹੇਠ 'ਪ੍ਰੋਜੈਕਟ ਅੰਮ੍ਰਿਤ' ਦੇ ਚੌਥੇ ਪੜਾਅ ਤਹਿਤ ਸਾਨੀਪੁਰ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ। ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ‘ਸਵੱਛ ਜਲ-ਸਵੱਛ ਮਨ’ ਮੁਹਿੰਮ ਤਹਿਤ ਇਹ ਕਾਰਜ ਨੇਪਰੇ ਚਾੜ੍ਹਿਆ ਗਿਆ। ਸਰਹਿੰਦ ਬ੍ਰਾਂਚ ਦੇ ਮੁਖੀ ਰਣਧੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿਚ 1500 ਤੋਂ ਵੱਧ ਸਥਾਨਾਂ 'ਤੇ ਇਹ ਅਭਿਆਨ ਚਲਾਇਆ ਗਿਆ ਹੈ। ਇਸੇ ਲੜੀ ਤਹਿਤ ਸਰਹਿੰਦ ਇਕਾਈ ਵੱਲੋਂ ਸਾਨੀਪੁਰ ਸੂਏ ਦੀ ਸਫ਼ਾਈ ਕੀਤੀ ਗਈ ਤੇ ਇਲਾਕੇ ਵਿਚ ਬੂਟੇ ਲਗਾਏ ਗਏ। ਇਹ ਸੇਵਾ ਕਾਰਜ ਸੇਵਾ ਦਲ ਦੇ ਸਰਹਿੰਦ ਯੂਨਿਟ ਦੇ ਸੰਚਾਲਕ ਗੁਰਮੁਖ ਰਾਮ ਦੀ ਨਿਗਰਾਨੀ ਹੇਠ ਹੋਇਆ, ਜਿਸ ਵਿਚ ਸੇਵਾ ਦਲ ਦੇ ਵਲੰਟੀਅਰਾਂ ਅਤੇ ਸੰਗਤ ਸਮੇਤ ਲਗਭਗ 300 ਸ਼ਰਧਾਲੂਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮਿਸ਼ਨ ਵੱਲੋਂ ਸਾਲ 2023 ਵਿਚ ਭਾਰਤ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪਾਣੀ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਅਤੇ ਸਮਾਜ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ।