ਡਾਇਟ ਫ਼ਤਹਿਗੜ੍ਹ ਸਾਹਿਬ ਦਾ ਨਿਊਜ਼ ਲੈਟਰ ਰਿਲੀਜ਼
ਡਾਇਟ ਫ਼ਤਹਿਗੜ੍ਹ ਸਾਹਿਬ ਦਾ ਨਿਊਜ਼ ਲੈ
Publish Date: Sat, 31 Jan 2026 04:57 PM (IST)
Updated Date: Sat, 31 Jan 2026 04:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਨਿਰਦੇਸ਼ਕ ਕਿਰਨ ਸ਼ਰਮਾ (ਪੀਸੀਐੱਸ) ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਫਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ। ਉਨ੍ਹਾਂ ਨੇ ਡਾਇਟ ਆਫ਼ ਐਕਸੀਲੈਂਸ ਦੇ ਰੂਪ ਵਿੱਚ ਬਣ ਰਹੀ ਨਵੀਂ ਇਮਾਰਤ ਸਬੰਧੀ ਯੋਜਨਾਬੰਦੀ ਦਾ ਮੁਆਇਨਾ ਕੀਤਾ ਅਤੇ ਇਸ ਬਾਰੇ ਬੜੀ ਬਰੀਕੀ ਨਾਲ ਚਰਚਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਇਸ ਕਾਰਜ ਨੂੰ ਪਹਿਲ ਦੇ ਤੌਰ ’ਤੇ ਨੇਪਰੇ ਚਾੜ੍ਹਨ ਦੀ ਤਾਕੀਦ ਕੀਤੀ। ਇਸ ਮੌਕੇ ਸਹਾਇਕ ਡਾਇਰੈਕਟਰ ਬਲਵਿੰਦਰ ਸਿੰਘ ਸੈਣੀ, ਜ਼ਿਲ੍ਹਾ ਸਿੱਖਿਆ ਅਤੇ ਡਾਇਟ ਫ਼ਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਡਾ. ਆਨੰਦ ਗੁਪਤਾ, ਸਹਾਇਕ ਰਵਿੰਦਰ ਸਿੰਘ, ਭਾਨੂੰ, ਅਮਨਦੀਪ ਸਿੰਘ, ਕੰਵਲਦੀਪ ਸਿੰਘ ਸੋਹੀ ਅਤੇ ਪੀਡਬਲਯੂਡੀ ਦੇ ਇੰਜੀਨੀਅਰ ਵੀ ਮੌਜੂਦ ਸਨ। ਉਨ੍ਹਾਂ ਨੇ ਡਾਇਟ ਵਿੱਚ ਪਰਖ ਅਤੇ ਐੱਚਪੀਸੀ ਸਬੰਧੀ ਚੱਲ ਰਹੀ ਸਕੂਲ ਮੁਖੀਆਂ ਦੀ ਵਰਕਸ਼ਾਪ ਨੂੰ ਵੀ ਸੰਬੋਧਿਤ ਕੀਤਾ ਅਤੇ ਕਿਹਾ ਕਿ ਸਕੂਲ ਮੁਖੀ ਆਪਸੀ ਵਿਚਾਰ-ਵਟਾਂਦਰੇ ਰਾਹੀਂ ਅਜਿਹੇ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ। ਇਸ ਮੌਕੇ ਉਨ੍ਹਾਂ ਵੱਲੋਂ ਡਾਇਟ ਦੁਆਰਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਨਿਊਜ਼ ਲੈਟਰ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਇਸ ਵਿੱਦਿਅਕ ਸੈਸ਼ਨ ਦੌਰਾਨ ਹੋਈਆਂ ਸਰਗਰਮੀਆਂ ਦੀ ਵਿਸਥਾਰਪੂਰਕ ਰਿਪੋਰਟ ਦਰਜ ਹੈ। ਇਸ ਤੋਂ ਇਲਾਵਾ ਕਿਰਨ ਸ਼ਰਮਾ ਨੇ 2025-27 ਦੇ ਈਟੀਟੀ ਕੋਰਸ ਦੇ ਬੈਚ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਨਿਰੀਖਣ ਕੀਤਾ ਅਤੇ ਸਿਖਿਆਰਥੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਵਿੱਚੋਂ ਕਈ ਵਿਦਿਆਰਥੀ ਮੁੱਢਲੇ ਉਦੇਸ਼ ਦੇ ਤੌਰ ’ਤੇ ਅਧਿਆਪਕ ਬਣਨਾ ਨਾ ਚਾਹੁੰਦੇ ਹੋਣ, ਪਰ ਹੁਣ ਇਸ ਕੋਰਸ ਦੌਰਾਨ ਉਨ੍ਹਾਂ ਤੋਂ ਉਮੀਦ ਹੈ ਕਿ ਉਹ ਪੂਰੀ ਤਰ੍ਹਾਂ ਆਪਣੇ ਉਦੇਸ਼ ਪ੍ਰਤੀ ਸਮਰਪਿਤ ਹੋਣਗੇ ਅਤੇ ਕੋਰਸ ਪੂਰਾ ਕਰਨ ਤੋਂ ਬਾਅਦ ਅਧਿਆਪਕ ਬਣ ਕੇ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਡਾਇਟ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਰਨ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਡਾਇਟ ਵਿੱਚ ਤਿਆਰ ਕੀਤੇ ਜਾ ਰਹੇ ਅਧਿਆਪਕ ਅੱਗੇ ਸਕੂਲਾਂ ਵਿੱਚ ਜਾ ਕੇ ਉਹ ਸਾਰੀਆਂ ਸਰਗਰਮੀਆਂ ਆਪਣੇ ਵਿਦਿਆਰਥੀਆਂ ਨਾਲ ਕਰਨੀਆਂ ਯਕੀਨੀ ਬਣਾਉਣ ਜੋ ਇਨ੍ਹਾਂ ਨੂੰ ਇੱਥੇ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਡਾਇਟ ਦੇ ਸੀਨੀਅਰ ਪੰਜਾਬੀ ਲੈਕਚਰਾਰ ਡਾ. ਕੁਲਦੀਪ ਸਿੰਘ, ਲੈਕਚਰਰ ਵੰਦਨਾ ਚੋਪੜਾ, ਪਰਮਿੰਦਰ ਕੌਰ, ਸੁਜਾਦ ਅਲੀ, ਪਰਵਿੰਦਰ ਸਿੰਘ, ਨਰਿੰਦਰ ਕੌਰ, ਹਰਜੀਤ ਸਿੰਘ, ਹਰਪ੍ਰੀਤ ਕੌਰ ਅਤੇ ਤਨਵੀਰ ਸਿੰਘ ਨੇ ਵੀ ਆਪਣੇ-ਆਪਣੇ ਸੁਝਾਅ ਅਤੇ ਵਿਚਾਰ ਸਾਂਝੇ ਕੀਤੇ।