ਨਵੀਨ ਕੁਮਾਰ ਨੇ ਸਾਈਕਲ ’ਤੇ ਤੈਅ ਕੀਤਾ ਇਤਿਹਾਸਕ ਤੇ ਧਾਰਮਿਕ ਸਥਾਨਾਂ ਦਾ ਸਫ਼ਰ
ਨਵੀਨ ਕੁਮਾਰ ਨੇ ਸਾਈਕਲ ’ਤੇ ਤੈਅ ਕੀਤਾ ਇਤਿਹਾਸਕ ਤੇ ਧਾਰਮਿਕ ਸਥਾਨਾਂ ਦਾ ਸਫ਼ਰ
Publish Date: Wed, 10 Jun 2026 05:49 PM (IST)
Updated Date: Wed, 10 Jun 2026 05:50 PM (IST)

ਫ਼ੋਟੋ ਫ਼ਾਈਲ : 11 ਨਵੀਨ ਕੁਮਾਰ। ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਤਹਿਸੀਲ ਦੇ ਪਿੰਡ ਚੂੜਚੱਕ ਦੇ ਰਹਿਣ ਵਾਲੇ ਨਵੀਨ ਕੁਮਾਰ ਨੇ ਬਚਪਨ ਦੀ ਇੱਛਾ ਨੂੰ ਪੂਰਾ ਕਰਦਿਆਂ ਪੰਜਾਬ ਦੇ ਇਤਿਹਾਸਕ, ਧਾਰਮਿਕ ਤੇ ਪੁਰਾਤੱਤਵ ਸਥਾਨਾਂ ਦੀ ਸਾਈਕਲ ਯਾਤਰਾ ਸਫ਼ਲਤਾਪੂਰਵਕ ਮੁਕੰਮਲ ਕੀਤੀ ਹੈ। ਬੀਟੈਕ ਮਕੈਨੀਕਲ ਇੰਜੀਨੀਅਰਿੰਗ ਕਰਨ ਤੋਂ ਬਾਅਦ ਬੈਂਕ ’ਚ ਨੌਕਰੀ ਕਰਨ ਵਾਲੇ ਨਵੀਨ ਕੁਮਾਰ ਨੇ ਬਾਅਦ ’ਚ ਅਧਿਆਪਨ ਖੇਤਰ ਨੂੰ ਆਪਣਾ ਪੇਸ਼ਾ ਬਣਾਇਆ। ਕੜਾਕੇ ਦੀ ਗਰਮੀ ’ਚ ਸਾਈਕਲ ਤੇ ਫਤਹਿਗੜ੍ਹ ਸਾਹਿਬ ਪੁੱਜੇ ਨਵੀਨ ਕੁਮਾਰ ਨੇ ਦੱਸਿਆ ਕਿ ਬਚਪਨ ’ਚ ਮਾਤਾ-ਪਿਤਾ ਵੱਲੋਂ ਮਿਲੀਆਂ ਧਾਰਮਿਕ ਕਿਤਾਬਾਂ, ਸਾਖੀਆਂ, ਗੁਰੂ ਸਾਹਿਬਾਨ, ਭਗਤਾਂ ਤੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਇਤਿਹਾਸ ਨੇ ਉਨ੍ਹਾਂ ਦੇ ਮਨ ’ਤੇ ਗਹਿਰਾ ਅਸਰ ਪਾਇਆ ਸੀ। ਇਸੇ ਸੋਚ ਸਦਕਾ ਉਨ੍ਹਾਂ ਦੇ ਮਨ ਵਿਚ ਇਨ੍ਹਾਂ ਇਤਿਹਾਸਕ ਅਸਥਾਨਾਂ ਨੂੰ ਵੇਖਣ ਦੀ ਚਾਹ ਪੈਦਾ ਹੋਈ, ਜਿਸ ਨੂੰ ਉਨ੍ਹਾਂ ਨੇ ਗਰਮੀ ਦੀਆਂ ਛੁੱਟੀਆਂ ਦੌਰਾਨ ਅਮਲੀ ਰੂਪ ਦਿੱਤਾ। ਉਨ੍ਹਾਂ ਨੇ ਸਾਈਕਲ ਯਾਤਰਾ ਦੀ ਸ਼ੁਰੂਆਤ 1 ਜੂਨ ਨੂੰ ਗੁਰਦਾਸਪੁਰ ਤੋਂ ਕੀਤੀ। ਯਾਤਰਾ ਦੇ ਪਹਿਲੇ ਦਿਨ 34 ਕਿਲੋਮੀਟਰ ਸਾਈਕਲ ਚਲਾ ਕੇ ਉਹ ਸਭ ਤੋਂ ਪਹਿਲਾਂ ਇਤਿਹਾਸਕ ਅਸਥਾਨ ਗੁਰਦੁਆਰਾ ਛੋਟਾ ਘਲੂਘਾਰਾ ਵਿਖੇ ਨਤਮਸਤਕ ਹੋਏ। ਸਮੇਂ ਦੀ ਬਚਤ ਅਤੇ ਘੱਟ ਖਰਚੇ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ ਯਾਤਰਾ ਲਈ ਸਾਈਕਲ ਨੂੰ ਸਭ ਤੋਂ ਉਚਿਤ ਸਾਧਨ ਚੁਣਿਆ। ਅਗਲੇ ਦਿਨ ਲਗਭਗ 90 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਜਲੰਧਰ ਪਹੁੰਚੇ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ ਗਏ, ਜਿੱਥੇ ਅਜਾਇਬ ਘਰ ਵਿਚ ਸ਼ਹੀਦਾਂ ਦੇ ਜੀਵਨ ਅਤੇ ਆਜ਼ਾਦੀ ਦੇ ਸੰਘਰਸ਼ ਬਾਰੇ ਜਾਣਕਾਰੀ ਹਾਸਲ ਕੀਤੀ। ਆਪਣੇ ਸਫ਼ਰ ਨੂੰ ਅੱਗੇ ਵਧਾਉਂਦਿਆਂ ਉਹ ਮਾਛੀਵਾੜਾ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ, ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ ਅਤੇ ਗੁਰਦੁਆਰਾ ਝਾੜ ਸਾਹਿਬ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਉਹ ਚਮਕੌਰ ਸਾਹਿਬ ਗਏ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਕੱਚੀ ਗੜ੍ਹੀ ਸਾਹਿਬ ਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੀਸ ਨਿਵਾਇਆ। ਉੱਥੇ ਉਨ੍ਹਾਂ ਨੇ ‘ਦਾਸਤਾਨ-ਏ-ਸ਼ਹਾਦਤ’ ਅਜਾਇਬ ਘਰ ਵੀ ਵੇਖਿਆ, ਜਿੱਥੇ ਆਧੁਨਿਕ ਤਕਨੀਕ ਨਾਲ ਸਿੱਖ ਇਤਿਹਾਸ ਨੂੰ ਪੇਸ਼ ਕੀਤਾ ਗਿਆ ਹੈ। ਚਮਕੌਰ ਸਾਹਿਬ ਤੋਂ ਬਾਅਦ ਉਹ ਸਰਹਿੰਦ ਪਹੁੰਚੇ, ਜਿੱਥੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਹਿੰਦ ਵਿਖੇ ਮਾਤਾ ਚਕ੍ਰੇਸ਼ਵਰੀ ਦੇਵੀ ਦੇ ਜੈਨ ਮੰਦਰ ਅਤੇ ਮੁਗਲ ਕਾਲ ਦੇ ਆਮ-ਖ਼ਾਸ ਬਾਗ ਦੇ ਵੀ ਦਰਸ਼ਨ ਕੀਤੇ। ਯਾਤਰਾ ਦੇ ਅਗਲੇ ਪੜਾਅ ’ਚ ਉਹ ਰੋਪੜ ਪਹੁੰਚੇ, ਜਿੱਥੇ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੇ ਅਜਾਇਬ ਘਰ ਵਿੱਚ ਉਨ੍ਹਾਂ ਨੇ ਸਿੰਧੂ ਘਾਟੀ ਸਭਿਆਚਾਰ ਦੇ ਇਤਿਹਾਸ, ਪ੍ਰਾਚੀਨ ਵਸਤੂਆਂ ਅਤੇ ਖੁਦਾਈ ਦੌਰਾਨ ਮਿਲੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਵੇਖਿਆ। ਅੰਤ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਰਾਤ ਬਿਤਾਉਣ ਤੋਂ ਬਾਅਦ ਉਹ ਇਸ ਗਿਆਨਵਰਧਕ ਸਫ਼ਰ ਨੂੰ ਸਮਾਪਤ ਕਰਕੇ ਆਪਣੇ ਘਰ ਵਾਪਸ ਪਰਤ ਆਏ। ਨਵੀਨ ਕੁਮਾਰ ਨੇ ਆਤਮ-ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਯਾਤਰਾਵਾਂ ਮਨੁੱਖੀ ਸੋਚ ਅਤੇ ਗਿਆਨ ਦੇ ਦਾਇਰੇ ਨੂੰ ਵਧਾਉਂਦੀਆਂ ਹਨ। ਉਨ੍ਹਾਂ ਇਤਿਹਾਸਕ ਚੀਨੀ ਵਿਦਵਾਨਾਂ ਫ਼ਾਹੀਆਨ ਅਤੇ ਹਿਊਨਸਾਂਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤੀ ਦਰਸ਼ਨ ਅਤੇ ਨਾਲੰਦਾ ਤੇ ਤਕਸ਼ਸ਼ਿਲਾ ਵਰਗੀਆਂ ਯੂਨੀਵਰਸਿਟੀਆਂ ਹਮੇਸ਼ਾ ਵਿਸ਼ਵ ਲਈ ਗਿਆਨ ਦਾ ਕੇਂਦਰ ਰਹੀਆਂ ਹਨ। ਉਨ੍ਹਾਂ ਉਮੀਦ ਕਿਹਾਕਿ ਉਹ ਭਵਿੱਖ ਵਿੱਚ ਵੀ ਅਜਿਹੀਆਂ ਗਿਆਨਵਰਧਕ ਯਾਤਰਾਵਾਂ ਜਾਰੀ ਰੱਖਣਗੇ।