ਦੇਸ਼ ਭਗਤ ਯੂਨੀਵਰਸਿਟੀ ’ਚ ਕੌਮੀ ਵਿਗਿਆਨ ਦਿਵਸ-2026 ਮਨਾਇਆ
ਦੇਸ਼ ਭਗਤ ਯੂਨੀਵਰਸਿਟੀ ਵਿਚ ਕੌਮੀ ਵਿਗਿਆਨ ਦਿਵਸ 2026 ਮਨਾਇਆ
Publish Date: Sat, 28 Feb 2026 04:55 PM (IST)
Updated Date: Sat, 28 Feb 2026 04:58 PM (IST)

- ਵਿਗਿਆਨ ਸਬੰਧੀ ਭਵਿੱਖ ’ਤੇ ਕੇਂਦ੍ਰਿਤ ਵਿਸ਼ਿਆਂ ’ਤੇ ਹੋਈ ਚਰਚਾ ਗਰਗ, ਪੰਜਾਬੀ ਜਾਗਰਣ ਅਮਲੋਹ : ਦੇਸ਼ ਭਗਤ ਯੂਨੀਵਰਸਿਟੀ ਦੇ ਫੈਕਲਟੀ ਆਫ ਐਗ੍ਰੀਕਲਚਰ ਐਂਡ ਲਾਈਫ ਸਾਇੰਸਿਜ਼ ਦੇ ਅਗ੍ਰਿਮ ਕਲੱਬ ਨੇ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੇ ਸਹਿਯੋਗ ਨਾਲ ਡਾ. ਏਪੀਜੇ ਅਬਦੁਲ ਕਲਾਮ ਸੈਮੀਨਾਰ ਹਾਲ ਵਿਚ ਰਾਸ਼ਟਰੀ ਵਿਗਿਆਨ ਦਿਵਸ 2026 ਮਨਾਇਆ। ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਲਗਭਗ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਨੇੜਲੇ ਲਗਭਗ 20 ਸਕੂਲਾਂ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਵਿਗਿਆਨਕ ਸੰਵਾਦ ਅਤੇ ਨਵਚੇਤਨਾ ਲਈ ਇਕ ਸਰਗਰਮ ਮੰਚ ਤਿਆਰ ਹੋਇਆ। ਫੈਕਲਟੀ ਦੇ ਡੀਨ ਪ੍ਰੋ. ਡਾ. ਐੱਚਕੇ ਸਿੱਧੂ ਨੇ ਸਮਾਗਮ ਦਾ ਰਸਮੀ ਸਵਾਗਤ ਕਰਦਿਆਂ ਅਕਾਦਮਿਕ ਵਿਕਾਸ ਵਿਚ ਵਿਗਿਆਨਕ ਜਾਗਰੂਕਤਾ ਦੀ ਮਹੱਤਤਾ ਉਜਾਗਰ ਕੀਤੀ। ਪ੍ਰੋ. ਡਾ. ਅਜੈ ਗੁਪਤਾ ਨੇ ਇਸ ਸਾਲ ਦੀ ਥੀਮ ‘ਟਿਕਾਊ ਭਵਿੱਖ ਲਈ ਵਿਗਿਆਨ’ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਵਿਸ਼ਵ ਪੱਧਰੀ ਪਰੀਆਵਰਣਕ ਅਤੇ ਵਿਕਾਸੀ ਚੁਣੌਤੀਆਂ ਦੇ ਸੰਦਰਭ ਵਿਚ ਇਸ ਦੀ ਅਹਿਮੀਅਤ ਦਰਸਾਈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਡਾ. ਹਰਸ਼ ਸਦਾਵਰਤੀ ਨੇ ਆਪਣੇ ਪ੍ਰੇਰਕ ਸੰਬੋਧਨ ਵਿਚ ਰਾਸ਼ਟਰੀ ਅਤੇ ਵਿਸ਼ਵ ਪੱਧਰ ’ਤੇ ਤਰੱਕੀ ਵਿਚ ਵਿਗਿਆਨ ਦੀ ਅਹਿਮ ਭੂਮਿਕਾ ਉਭਾਰੀ। ਉਨ੍ਹਾਂ ਕਿਹਾ ਵਿਗਿਆਨ ਹਰ ਤਰ੍ਹਾਂ ਦੇ ਵਿਕਾਸ ਅਤੇ ਤਰੱਕੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਯੂਨੀਵਰਸਿਟੀ ਦੀ ਖੋਜ, ਨਵਚੇਤਨਾ ਅਤੇ ਤਕਨੀਕੀ ਉੱਨਤੀ ਪ੍ਰਤੀ ਵਚਨਬੱਧਤਾ ਦੁਹਰਾਈ। ਇਸ ਮੌਕੇ ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਨੇ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਮਨਾਂ ਨੂੰ ਖੋਜ-ਕੇਂਦ੍ਰਿਤ ਸਿੱਖਿਆ ਵੱਲ ਪ੍ਰੇਰਿਤ ਕਰਨ ਲਈ ਫੈਕਲਟੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਪੋਸਟਰ ਪ੍ਰਦਰਸ਼ਨ, ਪ੍ਰਸ਼ਨੋਤਰੀ ਅਤੇ ਪਾਵਰਪੁਆਇੰਟ ਪੇਸ਼ਕਾਰੀਆਂ ਵਰਗੀਆਂ ਰੁਚਿਕਰ ਅਤੇ ਭਾਗੀਦਾਰੀ ਸਰਗਰਮੀਆਂ ਕਰਵਾਈਆਂ ਗਈਆਂ। ਹਿੱਸਾ ਲੈਣ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੇ ਟਿਕਾਊ ਵਿਕਾਸ ਟੀਚੇ ਪ੍ਰਤੀ ਜਾਗਰੂਕਤਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦਿਆਂ ਨਵੀਂ ਵਿਗਿਆਨਕ ਸੋਚ ਪੇਸ਼ ਕੀਤੀ। ਸਮਾਗਮ ਦਾ ਸਮਾਪਨ ਡਾ. ਅਵਿਨਾਸ਼ ਕੁਮਾਰ ਭਾਟੀਆ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਹੋਇਆ, ਜਿਸ ਵਿਚ ਉਨ੍ਹਾਂ ਸਭ ਕਨਵੀਨਰਾਂ, ਭਾਗੀਦਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।