ਵਰਲਡ ਯੂਨੀਵਰਸਿਟੀ ’ਚ ਕੌਮੀ ਕਾਨਫ਼ਰੰਸ ਕਨਫਲੂਐਂਸ-2026 ਕਰਵਾਈ
ਵਰਲਡ ਯੂਨੀਵਰਸਿਟੀ ਵਿਚ ਕੌਮੀ ਕਾਨਫ਼ਰੰਸ ਕਨਫਲੂਐਂਸ 2026 ਸਮਾਪਤ
Publish Date: Sat, 21 Mar 2026 04:56 PM (IST)
Updated Date: Sat, 21 Mar 2026 04:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਦੋ ਰੋਜ਼ਾ ਅੰਤਰ-ਵਿਭਾਗੀ ਪੰਜਾਬ ਦੇ ਸਮਕਾਲੀ ਸਰੋਕਾਰ ਵਿਸ਼ੇ ’ਤੇ ਆਧਾਰਿਤ ਰਾਸ਼ਟਰੀ ਕਾਨਫ਼ਰੰਸ ‘ਕਨਫਲੂਐਂਸ-2026’ ਦਾ ਦੂਜਾ ਦਿਨ ਸਮਾਜ ਵਿਗਿਆਨ ਅਤੇ ਭਾਸ਼ਾ ਤੇ ਸਾਹਿਤ ਦੇ ਤਕਨੀਕੀ ਇਜਲਾਸ ਨਾਲ ਸਮਾਪਤ ਹੋਇਆ, ਜਿਸ ਤੋਂ ਬਾਅਦ ਵਿਦਾਇਗੀ ਇਜਲਾਸ ਕੀਤਾ ਗਿਆ। ਸਮਾਜ ਵਿਗਿਆਨ ਭਾਗ ਦੇ ਇਜਲਾਸ ਵਿਚ ਡਾ. ਗੁਰਪ੍ਰੀਤ ਬਰਾੜ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੇਂਦਰ–ਰਾਜ ਸਬੰਧਾਂ ਅਤੇ ਸ਼ਾਸਨ ਦੀਆਂ ਚੁਣੌਤੀਆਂ ’ਤੇ ਵਿਸਥਾਰ ਨਾਲ ਵਿਚਾਰ ਪ੍ਰਗਟ ਕੀਤੇ। ਇਸ ਇਜਲਾਸ ਦੀ ਪ੍ਰਧਾਨਗੀ ਪ੍ਰੋ. ਦਲਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ ਅਤੇ ਉਨ੍ਹਾਂ ਨੇ ਆਧੁਨਿਕ ਮਸਲਿਆਂ ਨੂੰ ਇਤਿਹਾਸਕ ਦ੍ਰਿਸ਼ਟੀਕੋਣ ਨਾਲ ਸਮਝਣ ’ਤੇ ਜ਼ੋਰ ਦਿੱਤਾ। ਭਾਗ ਦੇ ਕੋਆਡੀਨੇਟਰ ਡਾ. ਨਵ ਸ਼ਗਨ ਦੀਪ ਕੌਰ, ਡਾ. ਰਮਨਦੀਪ ਕੌਰ, ਅਤੇ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਲਗਭਗ 30 ਖੋਜਕਾਰਾਂ ਨੇ ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਇਤਿਹਾਸਕ ਮਸਲਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਏਕਰੂਪ ਕੌਰ ਅਤੇ ਡਾ. ਸੁਖਵਿੰਦਰ ਸਿੰਘ ਨੂੰ ਸਰਵੋਤਮ ਪਰਚੇ ਲਈ ਸਨਮਾਨਿਤ ਕੀਤਾ ਗਿਆ। ਭਾਸ਼ਾ ਅਤੇ ਸਾਹਿਤ ਇਜਲਾਸ ਵਿਚ ਪ੍ਰਸਿੱਧ ਨਾਟਕਕਾਰ ਪ੍ਰੋ. ਸਤੀਸ਼ ਕੁਮਾਰ ਵਰਮਾ ਨੇ ਮੁੱਖ ਭਾਸ਼ਣ ਦਿੱਤਾ ਅਤੇ ਉਨ੍ਹਾਂ ਨੇ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਚੁਣੌਤੀਆਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਆਪਣੀ ਗੱਲ ਇਤਿਹਾਸਕ ਹਵਾਲਿਆਂ ਨਾਲ ਰੱਖੀ। ਇਸ ਇਜਲਾਸ ਦੀ ਪ੍ਰਧਾਨਗੀ ਪ੍ਰੋ. ਸਵਰਾਜ ਰਾਜ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉਨ੍ਹਾਂ ਨੇ ਪਰਚਾ ਪੇਸ਼ਕਾਰਾਂ ਨੂੰ ਜਿੱਥੇ ਮੁਲਵਾਨ ਸੁਝਾਅ ਦਿੱਤੇ ਉੱਥੇ ਉਨ੍ਹਾਂ ਨੇ ਖੋਜ ਵਿਧੀ ਦੇ ਅਹਿਮ ਨੁਕਤੇ ਸਾਂਝੇ ਕੀਤੇ। ਮੰਚ ਸੰਚਾਲਨ ਡਾ. ਹਰਪ੍ਰੀਤ ਕੌਰ ਅਤੇ ਡਾ. ਬਲਜੀਤ ਕੌਰ ਵੱਲੋਂ ਕੀਤਾ ਗਿਆ। ਜਿਸ ਵਿਚ ਕੁੱਲ 18 ਪੇਪਰ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ ਡਾ. ਬਿੰਦਰ ਸਿੰਘ ਅਤੇ ਡਾ. ਨਵਰੂਪ ਕੌਰ ਨੂੰ ਸਰਵੋਤਮ ਪਰਚੇ ਲਈ ਸਨਮਾਨ ਮਿਲਿਆ। ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਕਾਨਫ਼ਰੰਸ ਦੀ ਸਫ਼ਲਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸ ਨੇ ਅਕਾਦਮਿਕ ਚਰਚਾ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਨੌਜਵਾਨਾਂ ਨੂੰ ਖੋਜ ਦੀ ਸੰਸਕ੍ਰਿਤੀ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਹੈ। ਕਾਨਫ਼ਰੰਸ ਦੇ ਵਿਦਾਇਗੀ ਇਜਲਾਸ ਵਿਚ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਵਾਈਸ ਚਾਂਸਲਰ ਪ੍ਰੋ. ਸੁਸ਼ੀਲ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਇਜਲਾਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਕੀਤੀ। ਸਮਾਪਤੀ ਇਜਲਾਸ ਵਿਚ ਡਾ. ਹਰਨੀਤ ਬਿਲਿੰਗ ਡੀਨ ਫੈਕਲਟੀ ਆਫ ਐਜੂਕੇਸ਼ਨ ਐਂਡ ਇਨਫੋਰਮੇਸ਼ਨ ਸਾਇੰਸਸ ਨੇ ਕਾਨਫ਼ਰੰਸ ਦੀ ਰਿਪੋਰਟ ਪੇਸ਼ ਕੀਤੀ ਅਤੇ ਦੋ ਦਿਨਾਂ ਦੀ ਚਰਚਾ ਦੌਰਾਨ ਸਾਹਮਣੇ ਆਏ ਪੰਜਾਬ ਦੇ ਮੁੱਖ ਮਸਲਿਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ. ਜਮਸ਼ੇਦ ਅਲੀ ਖਾਨ ਨੇ ਵਿਦਾਇਗੀ ਭਾਸ਼ਣ ਦਿੱਤਾ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਖੇਤਰੀ ਚੁਣੌਤੀਆਂ ਦੇ ਹੱਲ ਲਈ ਅੰਤਰ-ਵਿਭਾਗੀ ਖੋਜ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਮੁੱਖ ਮਹਿਮਾਨ ਪ੍ਰੋ. ਸੁਸ਼ੀਲ ਮਿੱਤਲ ਜਿੱਥੇ ਕਾਨਫ਼ਰੰਸ ਦੀ ਸ਼ਲਾਘਾ ਕੀਤੀ ਅਤੇ ਯੂਨੀਵਰਸਿਟੀਆਂ ਦੀ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿਚ ਭੂਮਿਕਾ ’ਤੇ ਜ਼ੋਰ ਦਿੱਤਾ ਉੱਥੇ ਹੀ ਉਨ੍ਹਾਂ ਨੇ ਪੰਜਾਬ ਦੀਆਂ ਮੁੱਖ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨਗੀ ਭਾਸ਼ਣ ਵਿਚ ਪ੍ਰੋ. ਪਰਿਤ ਪਾਲ ਸਿੰਘ ਨੇ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਆਪਣਾ ਅੰਦਰੋਂ ਮੁਲਾਂਕਣ ਕਰਨ ਦੀ ਲੋੜ ਹੈ ਤਾਂ ਜੋ ਅੱਜ ਦੇ ਸਮੇਂ ਵਿਚ ਦਰਪੇਸ਼ ਸਮੱਸਿਆਵਾਂ ਨੂੰ ਪਛਾਣਿਆ ਜਾ ਸਕੇ ਅਤੇ ਉਨ੍ਹਾਂ ਦੇ ਹੱਲ ਲਈ ਕੋਸ਼ਿਸ਼ਾਂ ਕੀਤੀਆਂ ਜਾ ਸਕਣ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਸਫਲ ਕਾਨਫ਼ਰੰਸ ਲਈ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਵਿਦਾਇਗੀ ਸੈਸ਼ਨ ਵਿਚ ਕਾਨਫ਼ਰੰਸ ਦੇ ਸਰਪ੍ਰਸਤ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੇ ਮਸਲਿਆਂ ਨੂੰ ਮੁਖਾਤਬ ਹੋਣ ਲਈ ਪ੍ਰਤੀਬੱਧ ਹੈ। ਪੰਜਾਬ ਦੇ ਅਰਥਚਾਰੇ, ਸੱਭਿਆਚਾਰ ਅਤੇ ਸਮਾਜ ਦੇ ਸਾਹਮਣੇ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਲਈ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਤੇ ਸਮਾਗਮ ਕੀਤੇ ਜਾਂਦੇ ਹਨ ਜਿਨਾਂ ਨੂੰ ਦੂਰ-ਸੰਚਾਰ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਲੋਕਾਂ ਵੱਲੋਂ ਇਨ੍ਹਾਂ ਸਮਾਗਮਾਂ ਦੀ ਭਰਪੂਰ ਸ਼ਲਾਘਾ ਕੀਤੀ ਜਾਂਦੀ ਹੈ। ਕਾਨਫ਼ਰੰਸ ਦੇ ਅਖੀਰ ਵਿਚ ਡਾ. ਸਿਕੰਦਰ ਸਿੰਘ, ਡੀਨ ਭਾਸ਼ਾਵਾਂ ਵੱਲੋਂ ਧੰਨਵਾਦ ਦੀ ਮਤਾ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸੰਖੇਪ ਵਿਚ ਕਾਨਫ਼ਰੰਸ ਵਿਚ ਉਭਰੀਆਂ ਪੰਜਾਬ ਦੀਆਂ ਚੁਣੌਤੀਆਂ ਮਸਲਨ ਪੰਜਾਬ ਨਾਲ ਰਾਜਨੀਤਿਕ ਵਿਤਕਰਾ, ਆਵਾਸ ਅਤੇ ਪ੍ਰਵਾਸ ਦੇ ਮਾਰੂ ਸਿੱਟੇ, ਆਰਥਿਕ ਸਮੱਸਿਆਵਾਂ, ਪੰਜਾਬੀ ਬੰਦੇ ਅਤੇ ਸਮਾਜ ਦੇ ਰਿਵਾਜਾਂ ਵਿਚ ਤਬਦੀਲੀਆਂ, ਅਤੇ ਇੱਥੋਂ ਦੀ ਜਨਸੰਖਿਆ ਵਿਚ ਸਿੱਖਾਂ ਦੀ ਗਿਣਤੀ ਘੱਟ ਹੋਣਾ ਆਦਿ ਦੀ ਨਿਸ਼ਾਨਦੇਹੀ ਕੀਤੀ ਗਈ।