ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ ਕੌਮੀ ਕਾਨਫਰੰਸ
ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ ਕੌਮੀ ਕਾਨਫਰੰਸ
Publish Date: Thu, 19 Mar 2026 05:47 PM (IST)
Updated Date: Thu, 19 Mar 2026 05:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ‘ਪੰਜਾਬ ਦੇ ਸਮਕਾਲੀ ਸਰੋਕਾਰ: ਅੰਤਰ-ਅਨੁਸ਼ਾਸਨੀ ਪਰਿਪੇਖ’ ਵਿਸ਼ੇ ਤੇ ਕੌਮੀ ਕਾਨਫਰੰਸ ਕਨਫਲੂਐਂਸ 2026 ਦਾ ਉਦਘਾਟਨ ਹੋਇਆ। ਇਸ ਵਿਚ ਪੰਜਾਬ ਸਾਹਮਣੇ ਆ ਰਹੇ ਸਮਾਜੀ, ਆਰਥਿਕ, ਸੱਭਿਆਚਾਰਕ, ਵਾਤਾਵਰਣਕ ਤੇ ਵਿਦਿਅਕ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਨੇ ਕਾਨਫਰੰਸ ਦੇ ਸੰਕਲਪ ਤੇ ਉਦੇਸ਼ ਬਾਰੇ ਸੰਖੇਪ ਜਾਣਕਾਰੀ ਦਿੱਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਸਵਾਗਤੀ ਭਾਸ਼ਣ ਵਿਚ ਯੂਨੀਵਰਸਿਟੀ ਦੇ ਅਕਾਦਮਿਕ ਟੀਚਿਆਂ ਨਾਲ ਵਿਸ਼ਿਆਂ ਨੂੰ ਜੋੜਦਿਆਂ ਪੰਜਾਬ ਦੀ ਬਹੁਕੇਂਦਰੀ ਲੋੜ ਤੇ ਇਕਕੇਂਦਰੀ ਹੁੰਦੇ ਵਾਤਾਵਰਣ ਬਾਰੇ ਚਿੰਤਾ ਜਤਾਈ। ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਉੱਚ ਸਿੱਖਿਆ ਸੰਸਥਾਵਾਂ ਦੀ ਪੰਜਾਬ ਵਿਕਾਸ ਵਿਚ ਵੱਡੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਯੂਨੀਵਰਸਿਟੀਆਂ ਨੂੰ ਰਵਾਇਤੀ ਸੀਮਾਵਾਂ ਤੋਂ ਪਰੇ ਜਾ ਕੇ ਖੋਜ-ਅਧਾਰਤ ਤੇ ਨੀਤੀਗਤ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮੁੱਖ ਮਹਿਮਾਨ ਪ੍ਰੋ. ਬੀ. ਐਸ. ਘੁੰਮਣ ਨੇ ਪੰਜਾਬ ਦੀ ਮੱਠੀ ਆਰਥਿਕਤਾ, ਪ੍ਰਤੀ ਵਿਅਕਤੀ ਆਮਦਨ ਵਿਚ 14ਵੀਂ ਥਾਂ ਤੇ ਹੋਣ ਤੇ ਖੇਤੀ ਉੱਤੇ ਅਧਾਰਤ ਖੁਸ਼ਹਾਲੀ ਬਾਰੇ ਚਰਚਾ ਕੀਤੀ। ਸਿੱਧ ਅਰਥਸ਼ਾਸਤਰੀ ਪ੍ਰੋ. ਗਿਆਨ ਸਿੰਘ ਨੇ ਮੁੱਖ ਭਾਸ਼ਣ ਵਿਚ ਪੰਜਾਬ ਦੇ ਸਮਾਜੀ-ਆਰਥਿਕ-ਰਾਜਸੀ ਖਲਾਅ ਨੂੰ ਮੁੱਖ ਚੁਣੌਤੀ ਦੱਸਿਆ। ਉਨ੍ਹਾਂ ਖੇਤੀ ਵਿਚ ਸ਼ੋਸ਼ਣ, ਅੰਨ੍ਹੇਵਾਹ ਪਰਵਾਸ ਰੋਕਣ ਤੇ ਵਿਦਵਾਨਾਂ ਨੂੰ ਲੋਕਾਂ ਵਿਚ ਜਾ ਕੇ ਜਾਗਰੂਕਤਾ ਫੈਲਾਉਣ ਦੀ ਮੰਗ ਕੀਤੀ। ਉਦਘਾਟਨੀ ਇਜਲਾਸ ਡਾ. ਹਰਨੀਤ ਬਿਲਿੰਗ ਦੇ ਧੰਨਵਾਦ ਨਾਲ ਸਮਾਪਤ ਹੋਇਆ। ਉਨ੍ਹਾਂ ਦੱਸਿਆ ਕਿ ਕਾਨਫਰੰਸ ਨੂੰ 130 ਖੋਜ ਪੱਤਰ ਮਿਲੇ ਹਨ। ਵੱਖ-ਵੱਖ ਤਕਨੀਕੀ ਇਜਲਾਸਾਂ ਵਿਚ ਸਿੱਖਿਆ, ਸਰੀਰਕ ਸਿੱਖਿਆ ਤੇ ਖੇਡ ਤਕਨਾਲੋਜੀ ਭਾਗ ਵਿਚ 40 ਤੇ ਵਣਜ-ਪ੍ਰਬੰਧ-ਅਰਥਸ਼ਾਸਤਰ ਭਾਗ ਵਿਚ 24 ਖੋਜ ਪੱਤਰ ਪੇਸ਼ ਹੋਏ।