ਐਮਪੀ ਡਾ. ਅਮਰ ਨੇ ਬੱਸ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ
ਐਮਪੀ ਡਾ. ਅਮਰ ਸਿੰਘ ਨੇ ਬੱਸ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ
Publish Date: Mon, 20 Apr 2026 05:51 PM (IST)
Updated Date: Mon, 20 Apr 2026 05:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਪਿੰਡ ਮੈਣ ਮਾਜਰੀ ਦੇ ਵਸਨੀਕਾਂ ਨਾਲ ਵਾਪਰੇ ਭਿਆਨਕ ਬੱਸ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਖ਼ੁਦ ਪਿੰਡ ਪਹੁੰਚ ਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੇਲੇ ਤੋਂ ਦਰਸ਼ਨ ਕਰਕੇ ਵਾਪਸ ਆ ਰਹੀ ਬੱਸ ਚੁੰਨੀ-ਮੋਰਿੰਡਾ ਸੜਕ ਤੇ ਹਿੰਮਤਪੁਰਾ ਨੇੜੇ ਪਲਟ ਗਈ ਸੀ। ਇਸ ਦਰਦਨਾਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ ਸਨ। ਡਾ. ਅਮਰ ਸਿੰਘ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਕਾਮਨਾ ਕੀਤੀ। ਸੰਸਦ ਮੈਂਬਰ ਨੇ ਦੱਸਿਆ ਕਿ ਉਹ ਭਲਕੇ ਖ਼ੁਦ ਪੀਜੀਆਈ ਚੰਡੀਗੜ੍ਹ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨਗੇ। ਸੰਸਦ ਮੈਂਬਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਹਾਦਸੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਜ਼ਖ਼ਮੀਆਂ ਨੂੰ ਬਿਹਤਰੀਨ ਇਲਾਜ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਲਈ ਤੁਰੰਤ ਮੁਆਵਜ਼ੇ ਅਤੇ ਹਰ ਸੰਭਵ ਮਦਦ ਦੀ ਮੰਗ ਵੀ ਕੀਤੀ। ਡਾ ਅਮਰ ਸਿੰਘ ਨੇ ਸੜਕ ਦੀ ਖ਼ਸਤਾ ਹਾਲਤ ਤੇ ਚਿੰਤਾ ਪ੍ਰਗਟ ਕੀਤੀ।• ਇਸ ਸਬੰਧੀ ਉਨ੍ਹਾਂ ਫ਼ਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਅਤੇ ਪੀਡਬਲਿਊਡੀ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਵੀ ਮੌਜੂਦ ਸਨ।