ਐਮਪੀ ਡਾ. ਅਮਰ ਵੱਲੋਂ ਉਦਯੋਗਾਂ ਲਈ ਨਿਰਵਿਘਨ ਗੈਸ ਸਪਲਾਈ ਦੀ ਮੰਗ
ਐਮਪੀ ਡਾ. ਅਮਰ ਸਿੰਘ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਉਦਯੋਗਾਂ ਲਈ ਨਿਰਵਿਘਨ ਗੈਸ ਸਪਲਾਈ ਦੀ ਮੰਗ
Publish Date: Fri, 13 Mar 2026 06:57 PM (IST)
Updated Date: Fri, 13 Mar 2026 07:00 PM (IST)
ਫ਼ਾਈਲ : 21 ਡਾ. ਅਮਰ ਸਿੰਘ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੂੰ ਪੱਤਰ ਲਿਖ ਕੇ ਮੰਡੀ ਗੋਬਿੰਦਗੜ੍ਹ ਦੇ ਸਟੀਲ ਉਦਯੋਗ ਲਈ ਪੀਐਨਜੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੰਤਰੀ ਨੂੰ ਜਾਣੂ ਕਰਵਾਇਆ ਕਿ ਵਾਤਾਵਰਣ ਸਬੰਧੀ ਨਿਯਮਾਂ ਕਾਰਨ ਸਟੀਲ ਉਦਯੋਗ ਪਹਿਲਾਂ ਹੀ ਗੈਸ ਵੱਲ ਤਬਦੀਲ ਹੋ ਚੁੱਕਾ ਹੈ, ਪਰ ਹੁਣ ਅਮਰੀਕਾ-ਈਰਾਨ ਟਕਰਾਅ ਕਾਰਨ ਕੇਂਦਰ ਸਰਕਾਰ ਵੱਲੋਂ ਸਪਲਾਈ ਵਿੱਚ ਕੀਤੀ ਗਈ 20 ਫ਼ੀਸਦੀ ਦੀ ਕਟੌਤੀ ਨੇ ਉਦਯੋਗਿਕ ਇਕਾਈਆਂ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਡਾ. ਸਿੰਘ ਨੇ ਚਿੰਤਾ ਪ੍ਰਗਟਾਈ ਕਿ ਗੈਸ ਸਪਲਾਈ ਦੀ ਕਮੀ ਅਤੇ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਕਈ ਉਦਯੋਗਿਕ ਯੂਨਿਟ ਬੰਦ ਹੋਣ ਦੀ ਕਗਾਰ ਤੇ ਹਨ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਪੰਜਾਬ ਵਿੱਚ ਰੁਜ਼ਗਾਰ ਦਾ ਇੱਕ ਪ੍ਰਮੁੱਖ ਹੱਬ ਹੈ ਅਤੇ ਇੱਥੇ ਉਦਯੋਗਾਂ ਦਾ ਬੰਦ ਹੋਣਾ ਸੂਬੇ ਦੀ ਆਰਥਿਕਤਾ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਦਯੋਗਾਂ ਨੂੰ ਨਿਰਵਿਘਨ ਗੈਸ ਸਪਲਾਈ ਮੁਹੱਈਆ ਕਰਵਾਏ ਅਤੇ ਜੇਕਰ ਪਾਬੰਦੀਆਂ ਲੰਬੇ ਸਮੇਂ ਤੱਕ ਜਾਰੀ ਰਹਿੰਦੀਆਂ ਹਨ, ਤਾਂ ਪ੍ਰਭਾਵਿਤ ਉਦਯੋਗਪਤੀਆਂ ਨੂੰ ਵਿੱਤੀ ਰਾਹਤ ਦਿੱਤੀ ਜਾਵੇ।