ਘੱਟ ਸਰੋਤਾਂ ਨਾਲ ਵੱਧ ਖ਼ੁਰਾਕ ਉਤਪਾਦਨ ਹੀ ਭਵਿੱਖ ਦੀ ਲੋੜ : ਸ਼ੇਰਗਿੱਲ
ਘੱਟ ਸਰੋਤਾਂ ਨਾਲ ਵੱਧ ਖ਼ੁਰਾਕ ਉਤਪਾਦਨ ਹੀ ਭਵਿੱਖ ਦੀ ਸਭ ਤੋਂ ਵੱਡੀ ਲੋੜ: ਸ਼ੇਰਗਿੱਲ
Publish Date: Sun, 18 Jan 2026 06:20 PM (IST)
Updated Date: Mon, 19 Jan 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਭਾਰਤ ਸਮੇਤ ਪੂਰੀ ਦੁਨੀਆ ’ਚ ਤੇਜ਼਼ੀ ਨਾਲ ਵਧ ਰਹੀ ਅਬਾਦੀ ਆਉਣ ਵਾਲੇ ਸਮੇਂ ਵਿਚ ਖ਼ੁਰਾਕ, ਜ਼ਮੀਨ ਅਤੇ ਕੁਦਰਤੀ ਵਸੀਲਿਆਂ ਲਈ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਰਹੀ ਹੈ। ਜਿਵੇਂ–ਜਿਵੇਂ ਅਬਾਦੀ ਵਧੇਗੀ, ਉਵੇਂ ਹੀ ਜਰਖੇਜ਼ ਜ਼ਮੀਨ ’ਤੇ ਦਬਾਅ ਵਧੇਗਾ ਅਤੇ ਸੀਮਤ ਸਰੋਤਾਂ ਨਾਲ ਵੱਧ ਤੋਂ ਵੱਧ ਉਤਪਾਦਨ ਕਰਨਾ ਲਾਜ਼ਮੀ ਹੋ ਜਾਵੇਗਾ। ਇਹ ਵਿਚਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜਾਰਥੀ ਜੌਹਰ ਸਿੰਘ ਸ਼ੇਰਗਿੱਲ ਨੇ ਅੱਜ ਇੱਥੇ ਪ੍ਰੈੱਸ ਕਲੱਬ ਅਮਲੋਹ ਵੱਲੋਂ ਕੀਤੇ ਗਏ ਆਪਣੇ ਸਨਮਾਨ ਸਮਾਰੋਹ ਦੌਰਾਨ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਭਵਿੱਖ ਦੀ ਖ਼ੁਰਾਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੇਤੀ ਖੋਜ ਅਤੇ ਨਵੀਨਤਾ ਹੀ ਇਕੋ–ਇਕ ਰਾਹ ਹੈ। ਇਸ ਸੰਦਰਭ ਵਿਚ ਉਨ੍ਹਾਂ ਦੱਸਿਆ ਕਿ ਸਬਜ਼ੀਆਂ ਵਿਚ ਆਲੂ ਤੋਂ ਬਾਅਦ ਪਿਆਜ਼ ਸਭ ਤੋਂ ਵੱਧ ਵਰਤੋਂ ਵਿਚ ਆਉਣ ਵਾਲੀ ਫ਼ਸਲ ਹੈ ਪਰ ਪੰਜਾਬ ਵਿਚ ਇਸ ਦੀ ਪ੍ਰਤੀ ਏਕੜ ਪੈਦਾਵਾਰ ਵਿਸ਼ਵ ਪੱਧਰ ਨਾਲੋਂ ਕਾਫ਼ੀ ਘੱਟ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸੂਬੇ ਵਿਚ ਅਜੇ ਵੀ ਰਵਾਇਤੀ ਓਪਨ ਪੋਲੀਨੇਟਿਡ ਵਰਾਇਟੀਆਂ ਦੀ ਖੇਤੀ ਕੀਤੀ ਜਾ ਰਹੀ ਹੈ, ਜਦਕਿ ਵਿਦੇਸ਼ਾਂ ’ਚ ਹਾਈਬ੍ਰਿਡ ਵਰਾਇਟੀਆਂ ਨਾਲ ਕਾਫ਼ੀ ਉੱਚੀ ਪੈਦਾਵਾਰ ਲੈਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਖਾਮੀ ਨੂੰ ਦੂਰ ਕਰਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਵੱਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਮੌਸਮ ਅਤੇ ਭੂਗੋਲਿਕ ਹਾਲਾਤਾਂ ਅਨੁਕੂਲ ਨਵੀਆਂ ਹਾਈਬ੍ਰਿਡ ਪਿਆਜ਼ ਵਰਾਇਟੀਆਂ ਵਿਕਸਿਤ ਕੀਤੀਆਂ ਜਾਣ। ਅੰਤ ’ਚ ਪ੍ਰੈੱਸ ਕਲੱਬ ਅਮਲੋਹ ਵੱਲੋਂ ਮਿਲੇ ਸਨਮਾਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਆਸ ਜਤਾਈ ਕਿ ਅਜਿਹੀਆਂ ਸੰਸਥਾਵਾਂ ਭਵਿੱਖ ’ਚ ਵੀ ਇਲਾਕੇ ਵਿਚ ਸਿੱਖਿਆ ਤੇ ਖੋਜ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਰਹਿਣਗੀਆਂ।