ਚੁੰਨੀ ’ਚ ਨੰਬਰਦਾਰਾਂ ਦੀ ਹੋਈ ਇਕੱਤਰਤਾ
ਚੁੰਨੀ ਵਿਖੇ ਨੰਬਰਦਾਰਾਂ ਦੀ ਮਾਸਿਕ ਮੀਟਿੰਗ ਹੋਈ
Publish Date: Sat, 03 Jan 2026 05:41 PM (IST)
Updated Date: Sat, 03 Jan 2026 05:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਨੰਬਰਦਾਰ ਯੂਨੀਅਨ ਸਰਕਲ ਚੁੰਨੀ ਦੇ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਸਰਕਲ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਚੁੰਨੀ ਕਲਾਂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਯੂਨੀਅਨ ਦੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਝਾਂਮਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੁਲਵੰਤ ਸਿੰਘ ਝਾਂਮਪੁਰ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਤੇ ਸ਼ਹੀਦੀ ਜੋੜ ਮੇਲ ਮੌਕੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਹਾਲਾਂਕਿ ਟੁੱਟੀਆਂ ਸੜਕਾਂ ਵੱਲ ਧਿਆਨ ਨਾ ਦੇਣ ਕਾਰਨ ਸੰਗਤਾਂ ਨੂੰ ਆਈ ਮੁਸ਼ਕਿਲ ’ਤੇ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਵਿੱਚ ਸਾਬਕਾ ਡਿਪਟੀ ਕਮਿਸ਼ਨਰ ਐੱਸਕੇ ਆਹਲੂਵਾਲੀਆ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ ਸ਼ਹੀਦੀ ਸਭਾ ਦੀ ਪਵਿੱਤਰਤਾ ਦੀ ਮੁੜ ਬਹਾਲੀ ਲਈ ਯਤਨ ਕਰਦਿਆਂ ਸ਼ਰਾਬ, ਮੀਟ, ਸਰਕਸ ਤੇ ਝੂਲੇ ਬੰਦ ਕਰਵਾਏ ਸਨ। ਨੰਬਰਦਾਰਾਂ ਨੇ ਪੰਜਾਬ ਸਰਕਾਰ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਚੋਣਾਂ ਵਿੱਚ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ’ਤੇ ਨੰਬਰਦਾਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇਗਾ, ਪਰ ਚਾਰ ਸਾਲ ਬੀਤਣ ਦੇ ਬਾਵਜੂਦ ਮੰਗਾਂ ਲਟਕੀਆਂ ਪਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ। ਨਾਲ ਹੀ ਸਾਬਕਾ ਕਾਰਜਕਾਰੀ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਨੰਬਰਦਾਰ ਕੁਲਵੰਤ ਸਿੰਘ ਝਾਂਮਪੁਰ, ਬਲਜੀਤ ਸਿੰਘ ਚੁੰਨੀ ਕਲਾਂ, ਕਿਰਨਦੀਪ ਸਿੰਘ, ਭਾਗ ਸਿੰਘ ਰਸੂਰਪੁਰ, ਬਲਕਾਰ ਸਿੰਘ ਨਰਾਇਣਾ, ਹਰਮੀਤ ਸਿੰਘ ਲੋਹਾ ਖੇੜੀ ਤੇ ਸੁਖਦੀਪ ਸਿੰਘ ਸਲੇਮਪੁਰ ਆਦਿ ਮੌਜੂਦ ਸਨ।