ਫਤਹਿਗੜ੍ਹ ਸਾਹਿਬ ਦੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਇੰਟਰੈਕਟਿਵ ਪੈਨਲ ਪਹੁੰਚੇ
ਫਤਹਿਗੜ੍ਹ ਸਾਹਿਬ ਦੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਇੰਟਰੈਕਟਿਵ ਪੈਨਲ ਪਹੁੰਚੇ
Publish Date: Sun, 01 Mar 2026 06:22 PM (IST)
Updated Date: Mon, 02 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਚਾਕ ਬੋਰਡਾਂ ਤੋਂ ਸਮਾਰਟ ਕਲਾਸਰੂਮਾਂ ਵੱਲ ਵਧ ਰਹੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਲਕਾ ਫਤਹਿਗੜ੍ਹ ਸਾਹਿਬ ਦੇ ਵੱਖ-ਵੱਖ ਸਕੂਲਾਂ ਨੂੰ ਆਧੁਨਿਕ ਇੰਟਰੈਕਟਿਵ ਪੈਨਲ ਮਿਲ ਗਏ ਹਨ। ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 400 ਕਰੋੜ ਰੁਪਏ ਦੇ ਵਿਦਿਅਕ ਡਿਜੀਟਲਾਈਜੇਸ਼ਨ ਪ੍ਰੋਜੈਕਟ ਅਧੀਨ ਨਵੇਂ ਕੰਪਿਊਟਰ ਅਤੇ ਇੰਟਰੈਕਟਿਵ ਪੈਨਲ ਸਕੂਲਾਂ ਵਿੱਚ ਪਹੁੰਚ ਰਹੇ ਹਨ। ਕੋਆਰਡੀਨੇਟਰ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਵਿਖੇ ਸਕੂਲਾਂ ਦੇ ਦੌਰੇ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਬੇਮਿਸਾਲ ਤਬਦੀਲੀ ਸ਼ੁਰੂ ਕੀਤੀ ਗਈ ਹੈ। ਇਸ ਪਹਿਲਕਦਮੀ ਨੂੰ ਸਿੱਖਿਆ ਵਿੱਚ ਪਰਿਵਰਤਨਸ਼ੀਲ ਮੀਲ ਪੱਥਰ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ’ਤੇ ਡਿਜੀਟਲ ਬੁਨਿਆਦੀ ਢਾਂਚਾ ਪੇਸ਼ ਕੀਤਾ ਜਾ ਰਿਹਾ ਹੈ। ਪਹਿਲਾਂ ਕਲਾਸਰੂਮਾਂ ਨੂੰ ਮਜ਼ਬੂਤ ਕੀਤਾ ਗਿਆ ਅਤੇ ਹੁਣ ਅਧੁਨਿਕ ਟੈਕਨੋਲੋਜੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 5012 ਸਰਕਾਰੀ ਸਕੂਲਾਂ ਨੂੰ ਨਵੀਨਤਮ ਸਾਫਟਵੇਅਰ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ 38649 ਨਵੇਂ ਕੰਪਿਊਟਰ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਕੰਪਿਊਟਰ ਸਾਰੇ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਦੇ ਨਾਲ-ਨਾਲ 50 ਫੀਸਦੀ ਮਿਡਲ ਸਕੂਲਾਂ ਨੂੰ ਵੀ ਦਿੱਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਨਵੀਨਤਮ ਹਾਰਡਵੇਅਰ ਅਤੇ ਟੈਕਨੋਲੋਜੀ ਤੱਕ ਪਹੁੰਚ ਯਕੀਨੀ ਬਣ ਸਕੇ। ਬਡਾਲੀ ਸਕੂਲ ਦੇ ਐੱਸਐੱਮਸੀ ਚੇਅਰਮੈਨ ਅਮਰਵੀਰ ਵਰਮਾ ਅਤੇ ਸਿੱਖਿਆ ਮਾਹਰ ਸੁਖਬੀਰ ਸਿੰਘ ਨੇ ਵੀ ਸਿੱਖਿਆ ਵਿਭਾਗ ਵੱਲੋਂ ਇੰਟਰੈਕਟਿਵ ਪੈਨਲ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਸਿੱਖਿਆ ਵਿੱਚ ਹੋਰ ਸੁਧਾਰ ਆਵੇਗਾ। ਇਸ ਮੌਕੇ ਪ੍ਰਿੰਸੀਪਲ ਮਨਿੰਦਰਜੀਤ ਕੋਰ, ਕੁਲਵੰਤ ਸਿੰਘ, ਨਰਿੰਦਰ ਕੋਰ, ਅਮਨਦੀਪ ਸਿੰਘ, ਰਣਜੀਤ ਸਿੰਘ, ਦਲਬਾਗ ਸਿੰਘ, ਦੀਪਕ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਸੀ।