ਵਿਧਾਇਕ ਰਾਏ ਨੇ ਸੜਕ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਰਾਏ ਨੇ ਬੀਡੀਪੀਓ ਦਫਤਰ ਤੋਂ ਸਰਹਿੰਦ ਸ਼ਹਿਰ ਨੂੰ ਜਾਣ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ
Publish Date: Wed, 08 Apr 2026 06:43 PM (IST)
Updated Date: Wed, 08 Apr 2026 06:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸਰਹਿੰਦ ਸ਼ਹਿਰ ਤੇ ਸਰਹਿੰਦ ਮੰਡੀ ਨੂੰ ਜੋੜਨ ਵਾਲੀ ਬੀਡੀਪੀਓ ਦਫਤਰ ਰੋਡ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸੜਕ ਦੇ ਬਣਨ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਆਉਣ ਜਾਣ ਦੇ ਵਿਚ ਆਸਾਨੀ ਹੋਵੇਗੀ, ਉੱਥੇ ਹੀ ਸ਼ਹੀਦੀ ਜੋੜ ਮੇਲ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਵੀ ਰਸਤੇ ਦਾ ਵਿਕਲਪ ਮਿਲੇਗਾ। ਵਿਧਾਇਕ ਨੇ ਦੱਸਿਆ ਕਿ ਸਰਹਿੰਦ ਸ਼ਹਿਰ ਤੋਂ ਸਰਹਿੰਦ ਮੰਡੀ ਨੂੰ ਜੋੜਨ ਵਾਲੇ ਬੀਡੀਪੀਓ ਦਫਤਰ ਰੋਡ ਨੂੰ ਇੰਟਰਲੋਕ ਟਾਈਲ ਦੇ ਨਾਲ ਪੱਕਾ ਕੀਤਾ ਜਾ ਰਿਹਾ ਹੈ। ਇਸ ਦੇ ਦੋਨਾਂ ਸਾਈਡਾਂ ਤੇ ਡੇਢ ਡੇਢ ਮੀਟਰ ਦੇ ਬਰਮ ਵੀ ਬਣਾਏ ਜਾ ਰਹੇ ਹਨ ਅਤੇ ਪੰਜ ਫੁੱਟ ਦਾ ਪਾਥ ਬਣਾਇਆ ਜਾ ਰਿਹਾ ਹੈ ਤਾਂ ਜੋ ਇਸ ਸੜਕ ਨੂੰ ਸੈਰਗਾਹ ਵਜੋਂ ਵੀ ਇਸਤੇਮਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਸੜਕ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿਚ ਇਕ ਪਾਰਕ ਦੀ ਉਸਾਰੀ ਹੋ ਰਹੀ ਹੈ ਜੋ ਸ਼ਹਿਰ ਵਾਸੀਆਂ ਦੇ ਲਈ ਲਾਹੇਮੰਦ ਸਾਬਤ ਹੋਵੇਗੀ। ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਾਸੀ ਇੱਥੇ ਕੂੜੇ ਦਾ ਡੰਪ ਹੋਣ ਕਾਰਨ ਬਹੁਤ ਪਰੇਸ਼ਾਨ ਸਨ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਡੰਪ ਨੂੰ ਚੁੱਕ ਕੇ ਸ਼ਹਿਰ ਤੋਂ ਬਾਹਰ ਕੱਢਿਆ ਗਿਆ। ਉਸ ਥਾਂ ਦੇ ਉੱਤੇ ਨਵੀਂ ਪਾਰਕ ਉਸਾਰੀ ਜਾ ਰਹੀ ਹੈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਇਕ ਨਵੀਂ ਸਹੂਲਤ ਦਿੱਤੀ ਜਾ ਸਕੇ। ਸ਼ਹਿਰ ਦੇ ਵਿਚ ਰਹਿੰਦੇ ਵਿਕਾਸ ਕਾਰਜ ਵੀ ਜਲਦ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਵ ਪੱਖੀ ਵਿਕਾਸ ਦੇ ਲਈ ਵਚਨਬੱਧ ਹੈ, ਇਸ ਲਈ ਸ਼ਹਿਰ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ ਲੈੱਸ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਵਾਸੀ ਰਜੇਸ਼਼ ਉੱਪਲ ਨੇ ਕਿਹਾ ਕਿ ਉਹ ਵਿਧਾਇਕ ਲਖਬੀਰ ਸਿੰਘ ਰਾਏ ਦੇ ਧੰਨਵਾਦੀ ਹਨ ਜਿਨਾਂ ਜਿਨਾਂ ਨੇ ਪਹਿਲਾ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਵਾਇਆ ਹੁਣ ਸ਼ਹਿਰ ਦੇ ਆਲੇ ਦੁਆਲੇ ਨੂੰ ਪੱਕਾ ਕਰਵਾਉਣ ਦੇ ਲਈ ਕੰਮ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਪ੍ਰੀਤ ਸਿੰਘ ਭੱਟੀ, ਏਐਸਆਈ ਬਲਜਿੰਦਰ ਸਿੰਘ, ਐਡਵੋਕੇਟ ਹਰ ਕਮਲ ਸਿੰਘ, ਡਾਕਟਰ ਸਨੀਤ ਕੁਮਾਰ, ਕੁਲਵਿੰਦਰ ਡੇਰਾ, ਸਨੀ ਚੋਪੜਾ, ਤਰਸੇਮ ਉਪਲ, ਹਿਤੇਸ਼ ਉਪਲ, ਮਾਸਟਰ ਸੰਤੋਖ ਸਿੰਘ, ਅਸ਼ੋਕ ਕੁਮਾਰ ਵਿੱਕੀ, ਰਜੇਸ਼਼ ਕੁਮਾਰ, ਬਹਾਦਰ ਜਲਾਲ, ਮੋਹਿਤ ਸੂਦ, ਐਡਵੋਕੇਟ ਰੀਨਾ ਰਾਣੀ ਆਦਿ ਵੀ ਮੌਜੂਦ ਸਨ।