ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਕੀਤਾ ਸੁਧਾਰ : ਵਿਧਾਇਕ ਰਾਏ
ਵਿਧਾਇਕ ਰਾਏ ਨੇ ਪੀਐਸਪੀਸੀਐਲ ਦੇ ਡਵੀਜ਼ਨ ਦਫਤਰ ਸਰਹਿੰਦ ਵਿਖੇ ਕੀਤਾ ਉਦਘਾਟਨ
Publish Date: Fri, 03 Apr 2026 06:29 PM (IST)
Updated Date: Fri, 03 Apr 2026 06:31 PM (IST)

ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਡਵੀਜ਼ਨ ਦਫ਼ਤਰ ਸਰਹਿੰਦ ਵਿਖੇ 66 ਕੇਵੀ ਗਰਿਡ ਵਿਚ ਕੀਤੇ ਗਏ ਸਧਾਰਾਂ ਦੇ ਲਈ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਹਿਣੀ ਤੇ ਕਰਨੀ ਦੀ ਇਕ ਹੈ। ਜਿਸ ਨੇ ਜਨਤਾ ਦੇ ਨਾਲ ਕੀਤੇ ਗਏ ਵਾਅਦੇ ਇਕ ਇਕ ਕਰਕੇ ਪੂਰੇ ਕੀਤੇ ਹਨ ਅਤੇ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਇਸੇ ਤਹਿਤ ਆਉਣ ਵਾਲੇ ਗਰਮੀ ਦੇ ਸੀਜਨ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਬਿਜਲੀ ਸਪਲਾਈ ’ਚ ਹੋਰ ਸੁਧਾਰ ਲਿਆਉਣ ਲਈ 66 ਕੇਵੀ ਗਰਿਡ ਡਵੀਜ਼ਨ ਸਰਹੰਦ ਵਿਖੇ 14 ਨਵੇਂ ਬਰੇਕਰ ਲਗਾਏ ਗਏ ਹਨ , ਜਿਨਾਂ ਤੇ ਅਨੁਮਾਨਤ ਖਰਚ ਇਕ ਕਰੋੜ ਰੁਪਏ ਆਇਆ ਹੈ। ਇਸ ਤੋਂ ਇਲਾਵਾ ਗੋਲਡਨ ਸਿਟੀ ਦੇ ਲਈ ਇਕ ਨਵਾਂ ਫੀਡਰ ਬਣਾਇਆ ਗਿਆ ਹੈ, ਜਿਸ ਤੇ ਅਨੁਮਾਨਤ ਲਾਗਤ 48 ਲੱਖ ਰੁਪਏ ਖਰਚਾ ਆਇਆ ਹੈ। ਅੱਜ ਰਸਮੀ ਤੌਰ ’ਤੇ ਇਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਆਰਡੀਐੱਸਐੱਸ ਵੱਲੋਂ 60 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ ਜਿਸ ’ਚ 39 ਕਰੋੜ ਰੁਪਏ ਡਵੀਜ਼ਨ ਸਰਹੰਦ ਦੇ ਬਿਜਲੀ ਸੁਧਾਰਾਂ ’ਤੇ ਖਰਚ ਕੀਤਾ ਜਾਣਾ ਹੈ। ਬਿਜਲੀ ਦੀ ਸਪਲਾਈ ਨੂੰ ਨਿਰਵਿਘਨ ਚਲਾਈ ਰੱਖਣ ਦੇ ਲਈ ਜਿੱਥੇ ਨਵੇਂ ਟਰਾਂਸਫਾਰਮਰ ਰੱਖੇ ਜਾ ਰਹੇ ਹਨ ਉਥੇ ਹੀ ਪੁਰਾਣੀਆਂ ਤਾਰਾਂ ਨੂੰ ਬਦਲਿਆ ਜਾ ਰਿਹਾ ਹੈ। ਅਜਿਹਾ ਕਰਨ ਦੇ ਨਾਲ ਗਰਮੀ ’ਚ ਬਿਜਲੀ ਕੱਟਾਂ ਤੋਂ ਰਾਹਤ ਮਿਲੇਗੀ ਅਤੇ ਪੂਰੀ ਬਿਜਲੀ ਸਪਲਾਈ ਘਰਾਂ ਤੱਕ ਪਹੁੰਚੇਗੀ। ਇਸ ਮੌਕੇ ਐਡੀਸ਼ਨਲ ਐੱਸਸੀ ਇੰਜੀਨੀਅਰ ਅਮਨਦੀਪ ਸਿੰਘ ਢੀਂਡਸਾ, ਐੱਸਡੀਓ ਦਿਹਾਤੀ ਸਰਹਿੰਦ ਇੰਜੀਨੀਅਰ ਦਵਿੰਦਰ ਸਿੰਘ, ਐੱਸਡੀਓ ਸਿਟੀ ਸਰਹਿੰਦ ਇੰਜੀਨੀਅਰ ਸੰਜੇ ਕਸ਼ਯਪ, ਐੱਸਡੀਓ ਗਰਿਡ ਸਬ ਸਟੇਸ਼ਨ ਸਰਹਿੰਦ ਇੰਜੀਨੀਅਰ ਗੁਰਜੀਤ ਸਿੰਘ, ਜੇਈ ਇੰਜੀਨੀਅਰ ਨਵਦੀਪ ਪਾਠਕ, ਜੇ.ਈ 66 ਕੇਵੀ ਗ੍ਰਿਡ ਸਰਹਿੰਦ ਇੰਜੀਨੀਅਰ ਸੁਖਦੇਵ ਸਿੰਘ, ਰਿਟਾਇਰਡ ਐੱਸਡੀਓ ਇੰਜੀਨੀਅਰ ਜਗਪਾਲ ਸਿੰਘ, ਰਿਟਾਇਰਡ ਐੱਸਡੀਓ ਇੰਜੀਨੀਅਰ ਬਲਦੇਵ ਸਿੰਘ ਆਦਿ ਵੀ ਮੌਜੂਦ ਸਨ।