ਵਿਧਾਇਕ ਗੈਰੀ ਬੜਿੰਗ ਨੇ ਸੜਕ ਬਣਾਉਣ ਦੇ ਕੰਮ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਗੈਰੀ ਬੜਿੰਗ ਨੇ ਨਵੇਂ ਬੱਸ ਸਟੈਂਡ ਤੋਂ ਮੰਡੀ ਗੋਬਿੰਦਗੜ੍ਹ ਤੱਕ ਸੜਕ ਦਾ ਕੰਮ ਸ਼ੁਰੂ ਕਰਵਾਇਆ
Publish Date: Tue, 31 Mar 2026 08:55 PM (IST)
Updated Date: Tue, 31 Mar 2026 08:58 PM (IST)

--ਕਿਹਾ, 6.81 ਕਰੋੜ ਦੀ ਲਾਗਤ ਨਾਲ ਕਰੀਬ 8.89 ਕਿਲੋਮੀਟਰ ਲੰਬੀ ਸੜਕ ਹੋਵੇਗੀ ਤਿਆਰ ਫ਼ੋਟੋ ਫ਼ਾਈਲ : ਫੋਟੋ ਕੈਪਸਨ : ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਸਨਮਾਨ ਕਰਦੇ ਹੋਏ ਹਲਕਾ ਕੋਆਰਡੀਨੇਟਰ ਇਕਬਾਲ ਸਿੰਘ ਰਾਏ ਤੇ ਲੀਡਰਸ਼ਿਪ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅਮਲੋਹ : ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ। ਇਹ ਸੜਕ ਜੀਟੀ ਰੋਡ ਦੇ ਨਵੇਂ ਬੱਸ ਸਟੈਂਡ ਤੋਂ ਡਿਸਟਰੀਬਿਊਟਰੀ ਦੇ ਨਾਲ ਲਗਦੀ ਹੋਈ ਕਰੀਬ 8.89 ਕਿਲੋਮੀਟਰ ਲੰਬੀ ਹੋਵੇਗੀ ਅਤੇ ਮੰਡੀ ਗੋਬਿੰਦਗੜ੍ਹ ਤੱਕ ਜਾਵੇਗੀ। ਵਿਧਾਇਕ ਨੇ ਦੱਸਿਆ ਕਿ ਇਸ ਪ੍ਰੋਜੈਕਟ ’ਤੇ ਲਗਭਗ 6 ਕਰੋੜ 81 ਲੱਖ ਰੁਪਏ ਦੀ ਲਾਗਤ ਆਏਗੀ। ਲੋਕਾਂ ਵਿੱਚ ਇਸ ਪ੍ਰੋਜੈਕਟ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਹ ਸੜਕ ਬਣਨ ਨਾਲ ਅਮਲੋਹ ਅਤੇ ਮੰਡੀ ਗੋਬਿੰਦਗੜ੍ਹ ਵਿਚਕਾਰ ਆਵਾਜਾਈ ਹੋਰ ਆਸਾਨ ਹੋਵੇਗੀ ਅਤੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਸੜਕ ਲਈ ਕਈ ਵਾਰ ਐਲਾਨ ਕੀਤੇ ਗਏ, ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਸਕਿਆ। ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਤਰਜੀਹ ਦੇ ਕੇ ਇਸਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ’ਤੇ ਖਰੀ ਉਤਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਮਲੋਹ ਹਲਕੇ ਵਿੱਚ ਹੋਰ ਵਿਕਾਸੀ ਪ੍ਰੋਜੈਕਟ ਲਿਆਂਦੇ ਜਾਣਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਸੜਕ ਦੇ ਬਣਨ ਨਾਲ ਖੇਤਰ ਦੀ ਤਰੱਕੀ ਨੂੰ ਨਵਾਂ ਬਲ ਮਿਲੇਗਾ ਅਤੇ ਅਮਲੋਹ ਹਲਕਾ ਵਿਕਾਸ ਪੱਖੋਂ ਅੱਗੇ ਵਧੇਗਾ। ਇਸ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਗਾਰਾ ਸਿੰਘ ਸਲਾਣਾ, ਬਲਾਕ ਸੰਮਤੀ ਦੇ ਚੇਅਰਮੈਨ ਰਣਜੀਤ ਸਿੰਘ ਪਨਾਗ, ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੋਆਰਡੀਨੇਟਰ ਓਂਕਾਰ ਸਿੰਘ ਚੌਹਾਨ, ਹਲਕਾ ਕੋਆਰਡੀਨੇਟਰ ਇਕਬਾਲ ਸਿੰਘ ਰਾਏ, ਹਲਕਾ ਸੰਗਠਨ ਇੰਚਾਰਜ ਅਵਤਾਰ ਮੁਹੰਮਦ ਟੈਣੀ, ਮੀਤ ਪ੍ਰਧਾਨ ਜਗਤਾਰ ਸਿੰਘ, ਕੁਲਜੀਤ ਸਿੰਘ ਨਰਾਇਣਗੜ੍ਹ, ਸਵਰਨਜੀਤ ਸਿੰਘ ਮਾਹੀ, ਜੱਗਾ ਸਿੰਘ ਭੋਲੀਆ, ਸਰਪੰਚ ਲਖਵੀਰ ਸਿੰਘ ਲੱਖਾ ਦੀਵਾ, ਸੁਖਚੈਨ ਸਿੰਘ ਦੀਵਾ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਤੇ ਪਤਵੰਤੇ ਮੌਜੂਦ ਸਨ।