ਮੰਡੀ ਗੋਬਿੰਦਗੜ੍ਹ ’ਚ ‘ਮਿਸ਼ਨ ਕਲੀਨ ਏਅਰ’ ਦੀ ਸ਼ੁਰੂਆਤ
ਮੰਡੀ ਗੋਬਿੰਦਗੜ੍ਹ ਵਿੱਚ ‘ਮਿਸ਼ਨ ਕਲੀਨ ਏਅਰ’ ਦੀ ਸ਼ੁਰੂਆਤ
Publish Date: Thu, 23 Apr 2026 05:17 PM (IST)
Updated Date: Thu, 23 Apr 2026 05:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ (ਐੱਨਸੀਏਪੀ) ਤਹਿਤ ‘ਮਿਸ਼ਨ ਕਲੀਨ ਏਅਰ ਮੰਡੀ ਗੋਬਿੰਦਗੜ੍ਹ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਅਤੇ ਮੈਂਬਰ ਸਕੱਤਰ ਡਾ. ਲਵਨੀਤ ਕੁਮਾਰ ਦੁਬੇ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਉੱਚ-ਪੱਧਰੀ ਮੀਟਿੰਗ ਹੋਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸ਼ਹਿਰ ਨੂੰ ‘ਨਾਨ-ਅਟੇਨਮੈਂਟ ਸਿਟੀ’ ਦੀ ਸੂਚੀ ਵਿੱਚੋਂ ਕੱਢਣ ਲਈ ਸੜਕਾਂ ਦੀ ਧੂੜ, ਵਾਹਨਾਂ ਦੇ ਧੂੰਏਂ ਅਤੇ ਉਦਯੋਗਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਸਮੇਂ-ਬੱਧ ਯੋਜਨਾ ਉਲੀਕੀ ਗਈ। ਚੇਅਰਪਰਸਨ ਨੇ ਕਿਹਾ ਕਿ ਇਹ ਮਿਸ਼ਨ ਸਾਂਝੀਆਂ ਕੋਸ਼ਿਸ਼ਾਂ ਨਾਲ ਹਵਾ ਦੀ ਗੁਣਵੱਤਾ ਸੁਧਾਰਨ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਹਰ ਤਿੰਨ ਮਹੀਨੇ ਬਾਅਦ ਸਮੀਖਿਆ ਕੀਤੀ ਜਾਵੇਗੀ। ਇਸ ਦੌਰਾਨ ਅਧਿਕਾਰੀਆਂ ਨੇ ਉਦਯੋਗਿਕ ਇਕਾਈਆਂ ਦਾ ਦੌਰਾ ਕਰ ਕੇ ਉੱਥੇ ਲਾਈਆਂ ਆਧੁਨਿਕ ਪ੍ਰਦੂਸ਼ਣ ਰੋਕੂ ਪ੍ਰਣਾਲੀਆਂ ਦਾ ਜਾਇਜ਼ਾ ਵੀ ਲਿਆ।