ਮਾਈਨਿੰਗ ਵਿਭਾਗ ਫਿਰ ਸਰਗਰਮ, ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਕੱਸਿਆ ਸ਼ਿਕੰਜਾ
ਮਾਈਨਿੰਗ ਵਿਭਾਗ ਫਿਰ ਸਰਗਰਮ, ਗੈਰਕਾਨੂੰਨੀ ਮਾਈਨਿੰਗ ਖਿਲਾਫ ਕੱਸਿਆ ਸ਼ਿਕੰਜਾ
Publish Date: Sun, 12 Apr 2026 06:26 PM (IST)
Updated Date: Mon, 13 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਸਖਤ ਕਾਰਵਾਈ ਕਰਦਿਆਂ ਮਾਈਨਿੰਗ ਵਿਭਾਗ ਨੇ ਅਮਲੋਹ ਵਿਖੇ ਅੱਜ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ। ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਟਿੱਪਰਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਦੇ ਪਰਮਿਟ ਦੀ ਜਾਂਚ ਕੀਤੀ ਗਈ। ਬਿਨਾਂ ਇਜਾਜ਼ਤ ਵਾਲੇ ਟਿੱਪਰਾਂ ਦੇ ਚਾਲਾਨ ਕੱਟੇ ਗਏ। ਮਾਈਨਿੰਗ ਵਿਭਾਗ ਦੇ ਐੱਸਡੀਓ ਹਰਦੀਪ ਗੁਲਾਟੀ ਨੇ ਦੱਸਿਆ ਕਿ ਜ਼ਿਲ੍ਹਾ ਮਾਈਨਿੰਗ ਅਧਿਕਾਰੀ ਆਕਾਸ਼ ਅਗਰਵਾਲ ਅਤੇ ਰਾਜਿੰਦਰ ਸਿੰਘ ਐੱਸਈ ਦੇ ਸਖਤ ਨਿਰਦੇਸ਼ਾਂ ਅਨੁਸਾਰ ਗੈਰ-ਕਾਨੂੰਨੀ ਮਾਈਨਿੰਗ ਨੂੰ ਜੜ੍ਹੋਂ ਖਤਮ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਅਤੇ ਗੈਰ-ਕਾਨੂੰਨੀ ਖਣਿਜ ਦੀ ਢੁਲਾਈ ਕਰਨ ਵਾਲੇ ਵਿਅਕਤੀਆਂ ਤੇ ਟਿੱਪਰ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਗੈਰਕਾਨੂੰਨੀ ਰਾਹ ਛੱਡ ਕੇ ਸਿਰਫ ਮਾਈਨਿੰਗ ਵਿਭਾਗ ਤੋਂ ਲੋੜੀਂਦਾ ਸਰਕਾਰੀ ਪਰਮਿਟ ਲੈ ਕੇ ਅਤੇ ਸਰਕਾਰੀ ਖਜ਼ਾਨੇ ’ਚ ਨਿਰਧਾਰਤ ਰਾਇਲਟੀ ਜਮ੍ਹਾ ਕਰਵਾ ਕੇ ਹੀ ਕੰਮ ਕਰਨ। ਇਸ ਤੋਂ ਇਲਾਵਾ ਉਨ੍ਹਾਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਉਲੰਘਣ ਪਾਏ ਜਾਣ ’ਤੇ ਦੋਸ਼ੀਆਂ ਖਿਲਾਫ ਹੋਰ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਬਿਨਾਂ ਪਰਮਿਟ ਮਿੱਟੀ ਨਾਲ ਭਰਿਆ ਟਿੱਪਰ ਫੜੇ ਜਾਣ ’ਤੇ ਉਸ ਦਾ ਮੌਕੇ ’ਤੇ ਚਲਾਨ ਕਰਦੇ ਐੱਸਡੀਓ ਹਰਦੀਪ ਗੁਲਾਟੀ।