ਸਰਕਾਰੀ ਸਕੂਲਾਂ ’ਚ ਮੈਗਾ ਮਾਪੇ-ਅਧਿਆਪਕ ਕਰਵਾਈ
ਸਰਕਾਰੀ ਸਕੂਲਾਂ ਵਿਚ ਆਯੋਜਿਤ ਹੋਈ ਮੈਗਾ ਮਾਪੇ-ਅਧਿਆਪਕ ਮਿਲਣੀ
Publish Date: Sat, 28 Mar 2026 06:08 PM (IST)
Updated Date: Sat, 28 Mar 2026 06:08 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ ਮੰਡੀ ਗੋਬਿੰਦਗੜ੍ਹ : ਪੀਐੱਮਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਲੜਕੇ ਗੋਬਿੰਦਗੜ੍ਹ ਕੰਨਿਆਂ ਅਤੇ ਸਪ੍ਰਸਤ ਨਸਰਾਲੀ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਆਓ ਮਿਲੀਏ, ਚਰਚਾ ਕਰੀਏ ਅਤੇ ਰਲ ਕੇ ਆਪਣੇ ਬੱਚਿਆਂ ਦਾ ਭਵਿੱਖ ਬਣਾਈਏ ਦੇ ਸੁਨੇਹੇ ਨਾਲ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿਚਾਲੇ ਖੁੱਲ੍ਹੀ ਚਰਚਾ ਹੋਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਵਿੰਦਰ ਕੌਰ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਓਐੱਸਡੀ ਗੁਲਸ਼ਨ ਛਾਬੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਰਵਿੰਦਰ ਕੌਰ ਨੇ ਦੱਸਿਆ ਕਿ ਇਸ ਮਿਲਣੀ ਵਿਚ ਵਿਦਿਆਰਥੀਆਂ ਦੇ ਸਲਾਨਾ ਨਤੀਜਿਆਂ ਤੋਂ ਇਲਾਵਾ ਉਨ੍ਹਾਂ ਦੀ ਸਿਹਤ, ਅਨੁਸ਼ਾਸਨ, ਖੇਡਾਂ, ਰਚਨਾਤਮਕਤਾ, ਨਸ਼ੇ ਵਿਰੋਧੀ ਜਾਗਰੂਕਤਾ ਅਤੇ ਐੱਚਪੀਵੀ ਟੀਕਾਕਰਨ ਬਾਰੇ ਮਾਪਿਆਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਕਮਜ਼ੋਰੀਆਂ ਅਤੇ ਮਜ਼ਬੂਤ ਪੱਖਾਂ ਨੂੰ ਪਛਾਣ ਕੇ ਭਵਿੱਖ ਲਈ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਣ। ਗੁਲਸ਼ਨ ਛਾਬੜਾ ਨੇ ਇਸ ਮੌਕੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ ਅਤੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸੈਸ਼ਨ ਦੇ ਸ਼ੁਰੂ ਵਿਚ ਹੀ ਕਿਤਾਬਾਂ ਵਿਦਿਆਰਥੀਆਂ ਤੱਕ ਪਹੁੰਚ ਜਾਂਦੀਆਂ ਹਨ ਅਤੇ ਪੰਜਾਬ ਸਰਕਾਰ ਸਿੱਖਿਆ ਖੇਤਰ ਵਿਚ ਲਗਾਤਾਰ ਮਿਹਨਤ ਕਰ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਡੀਆਂ ਪੁਲਾਂਘਾਂ ਭਰ ਸਕਣ। ਛਾਬੜਾ ਨੇ ਸਕੂਲਾਂ ਦੇ ਇਨਫਰਾਸਟ੍ਰਕਚਰ ਵਿਚ ਲਗਾਤਾਰ ਹੋ ਰਹੇ ਸੁਧਾਰਾਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਬੱਚਿਆਂ ਨੂੰ ਉਸਾਰੂ ਵਿਦਿਅਕ ਮਾਹੌਲ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਢਾਂਚਾਗਤ ਸੁਧਾਰ ਜਾਰੀ ਰਹਿਣਗੇ। ਉਨ੍ਹਾਂ ਇਸ ਮੌਕੇ ਸਕੂਲ ਵਿਚ ਨਵੀਂ ਲਗਾਈ ਗਈ ਇੰਟਰਐਕਟਿਵ ਪੈਨਲ ਦੀ ਵੀ ਸ਼ਲਾਘਾ ਕੀਤੀ।