ਜ਼ਿਲ੍ਹਾ ਲਿਖਾਰੀ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਸਬੰਧੀ ਹੋਈ ਮੀਟਿੰਗ
ਜ਼ਿਲ੍ਹਾ ਲਿਖਾਰੀ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਹੋਈ ਮੀਟਿੰਗ
Publish Date: Sun, 08 Mar 2026 04:35 PM (IST)
Updated Date: Sun, 08 Mar 2026 04:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਜ਼ਿਲ੍ਹਾ ਲਿਖਾਰੀ ਸਭਾ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਆਉਂਦੇ ਦੋ ਸਾਲਾਂ ਲਈ ਲਿਖਾਰੀ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬੀਬੀ ਸਰਹਿੰਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਲਿਖਾਰੀ ਸਭਾ ਦਾ ਦੋ ਸਾਲਾਂ ਦਾ ਕਾਰਜਕਾਲ ਲਗਭਗ ਪੂਰਾ ਹੋ ਚੁੱਕਾ ਹੈ ਤੇ ਅਗਲੇ ਦੋ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਸੰਬੰਧੀ ਮੀਟਿੰਗ ਕੀਤੀ ਗਈ ਹੈ। ਇਸ ਮੌਕੇ ਲਿਖਾਰੀ ਸਭਾ ਵੱਲੋਂ ਛਪਵਾਏ ਜਾ ਰਹੇ ਸਾਂਝੇ ਕਾਵਿ ਸੰਗ੍ਰਹਿ ਲਈ ਚਾਹਵਾਨ ਕਵੀ 14 ਤਰੀਕ, ਦਿਨ ਸ਼ਨੀਵਾਰ ਨੂੰ ਸਭਾ ਦੀ ਹੋਣ ਵਾਲੀ ਮੀਟਿੰਗ ’ਚ ਆਪਣੀਆਂ ਛੇ-ਛੇ ਰਚਨਾਵਾਂ ਟਾਈਪ ਕਰਵਾਕੇ ਲਿਆਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਲਿਖਾਰੀ ਸਭਾ ਦੀਆਂ ਗਤੀਵਿਧੀਆਂ ਤੇ ਨਵੇਂ ਸਾਹਿਤਕਾਰਾਂ, ਲੇਖਕਾਂ ਤੇ ਕਵੀਆਂ ਨੂੰ ਸਭਾ ਨਾਲ ਜੋੜਨ ਸਬੰਧੀ ਵੀ ਗੱਲਬਾਤ ਕੀਤੀ ਗਈ। ਆਉਂਦੇ ਮਹੀਨਿਆਂ ਵਿਚ ਸਾਹਿਤਕਾਰਾਂ ਨਾਲ ਰੂਬਰੂ ਕਰਵਾਉਣ ਤੇ ਲਿਖਾਰੀ ਸਭਾ ਦੇ ਕਵੀਆਂ ਦੀਆਂ ਛਪ ਚੁੱਕੀਆਂ ਪੁਸਤਕਾਂ ਉੱਤੇ ਚਰਚਾ ਕਰਨ ਸੰਬੰਧੀ ਵੀ ਰਣਨੀਤੀ ਉਲੀਕੀ ਗਈ। ਇਸ ਤੋਂ ਇਲਾਵਾ ਲਿਖਾਰੀ ਸਭਾ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਤੇ ਲਿਆਉਣ ਦੀ ਯੋਜਨਾ ਵੀ ਬਣਾਈ ਗਈ। ਇਸ ਮੌਕੇ ਬੀਬੀ ਪਰਮਜੀਤ ਕੌਰ ਸਰਹਿੰਦ ਤੋਂ ਇਲਾਵਾ ਮੀਤ ਪ੍ਰਧਾਨ ਬਲਤੇਜ਼ ਸਿੰਘ ਬਠਿੰਡਾ, ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ, ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ, ਸਕੱਤਰ ਸੁਖਵਿੰਦਰ ਸਿੰਘ ਢਿੱਲੋਂ, ਕੈਸ਼ੀਅਰ ਅਵਤਾਰ ਸਿੰਘ ਪੁਆਰ, ਅਜਮੇਰ ਸਿੰਘ ਮਾਨ, ਪ੍ਰੇਮ ਲਤਾ, ਸਿਮਰਨਜੀਤ ਸਿੰਘ ਤੇ ਹੋਰ ਮੌਜੂਦ ਸਨ।