ਮਾਤਾ ਗੁਜਰੀ ਕਾਲਜ ’ਚ ਕਰਵਾਇਆ ਵਿਸ਼ੇਸ਼ ਜਾਗਰੂਕਤਾ ਲੈਕਚਰ
ਮਾਤਾ ਗੁਜਰੀ ਕਾਲਜ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਨੇ ਕਰਵਾਇਆ ਵਿਸ਼ੇਸ਼ ਜਾਗਰੂਕਤਾ ਲੈਕਚਰ
Publish Date: Fri, 20 Mar 2026 04:47 PM (IST)
Updated Date: Fri, 20 Mar 2026 04:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਵੱਲੋਂ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਨਿਊਟਰੀਸ਼ਨ ਐਂਡ ਕਮਿਊਨਿਟੀ ਹੈਲਥ ਵਿਸ਼ੇ ’ਤੇ ਵਿਸ਼ੇਸ਼ ਜਾਗਰੂਕਤਾ ਲੈਕਚਰ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਪੋਸ਼ਟਿਕ ਖ਼ੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਇਸ ਇੰਟਰੈਕਟਿਵ ਸੈਸ਼ਨ ਦੌਰਾਨ ਫੂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਅਜੈ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਸੈਸ਼ਨ ਵਿਚ ਕੁੱਲ 80 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕਾਲਜ ਦੇ ਵਾਈਸ-ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਆਪਣਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸ਼ੁਰੂਆਤ ਐਮਏ ਅੰਗਰੇਜ਼ੀ ਭਾਗ ਦੂਸਰਾ ਦੀ ਵਿਦਿਆਰਥਣ ਸਿਮਰਦੀਪ ਕੌਰ ਵੱਲੋਂ ਸਵਾਗਤੀ ਸ਼ਬਦਾਂ ਨਾਲ ਹੋਈ ਜਿਸ ਦੌਰਾਨ ਉਸ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਖ਼ੁਰਾਕੀ ਆਦਤਾਂ ਨੂੰ ਅਪਨਾਉਣ ਲਈ ਜਾਗਰੂਕ ਕੀਤਾ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਾਨ ਨੇ ਵੀ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦੀ ਮਹੱਤਤਾ ’ਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਕਨਵੀਨਰ ਡਾ. ਮਨਿੰਦਰ ਕੈਂਥ ਨੇ ਚੰਗੀ ਖ਼ੁਰਾਕ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਸਮਾਗਮ ਦੇ ਅਖੀਰ ਵਿਚ ਐਮਏ. ਅੰਗਰੇਜ਼ੀ ਭਾਗ ਦੂਸਰਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।