ਦਿੜ੍ਹਬਾ ਦਾਣਾ ਮੰਡੀ 'ਚ 7 ਫਰਵਰੀ ਨੂੰ ਠੇਕਾ ਮੁਲਾਜ਼ਮਾਂ ਦੀ ਵਿਸ਼ਾਲ ਰੈਲੀ
ਦਿੜ੍ਹਬਾ ਦਾਣਾ ਮੰਡੀ 'ਚ 7 ਫਰਵਰੀ ਨੂੰ ਠੇਕਾ ਮੁਲਾਜ਼ਮਾਂ ਦੀ ਵਿਸ਼ਾਲ ਰੈਲੀ
Publish Date: Wed, 28 Jan 2026 04:45 PM (IST)
Updated Date: Wed, 28 Jan 2026 04:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 7 ਫਰਵਰੀ ਨੂੰ ਦਿੜ੍ਹਬਾ ਦਾਣਾ ਮੰਡੀ ਵਿਚ ਪੰਜਾਬ ਦੇ ਹਜ਼ਾਰਾਂ ਆਊਟਸੋਰਸਡ, ਇਨਲਿਸਟਮੈਂਟ, ਦਿਹਾੜੀਦਾਰ ਤੇ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਇਕ ਵੱਡੀ ਰੈਲੀ ਕਰਨਗੇ। ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਨੇ ਜਾਰੀ ਬਿਆਨ ਵਿਚ ਕਿਹਾ ਕਿ ਇਹ ਰੈਲੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਵਿਚ ਕੀਤੀ ਜਾ ਰਹੀ ਹੈ। ਰੈਲੀ ਰਾਹੀਂ ਪੰਜਾਬ ਸਰਕਾਰ ਅੱਗੇ ਪੱਕੇ ਰੁਜ਼ਗਾਰ ਤੇ ਗੁਜ਼ਾਰੇ ਯੋਗ ਤਨਖਾਹ ਦੀ ਮਜ਼ਬੂਤ ਮੰਗ ਰੱਖੀ ਜਾਵੇਗੀ। ਆਗੂਆਂ ਅਨੁਸਾਰ ਬਿਜਲੀ ਵਿਭਾਗ, ਜਲ ਸਪਲਾਈ, ਸੀਵਰੇਜ ਬੋਰਡ, ਵੇਰਕਾ, ਪੀਡਬਲਿਊਡੀ, ਫਰਦ ਕੇਂਦਰ ਤੇ ਵੇਅਰ ਹਾਊਸਿੰਗ ਵਰਗੇ ਵਿਭਾਗਾਂ ਦੇ ਮੁਲਾਜ਼ਮ ਇਸ ਵਿੱਚ ਸ਼ਾਮਲ ਹੋਣਗੇ। ਰੈਲੀ ਨੂੰ ਕਿਸਾਨ-ਮਜ਼ਦੂਰ ਜਥੇਬੰਦੀਆਂ ਤੇ ਰੈਗੂਲਰ ਮੁਲਾਜ਼ਮ ਸੰਗਠਨਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਰੈਲੀ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਇਤਿਹਾਸਕ ਇਕੱਠ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਇਸ ਮੌਕੇ ਸੂਬਾ ਪ੍ਰਧਾਨ ਰਮਨਦੀਪ ਸਿੰਘ, ਜਰਨਲ ਸਕੱਤਰ ਮੋਹਨ ਭਗਤ, ਪ੍ਰੈਸ ਸਕੱਤਰ ਨਾਨਕ ਰਾਮ, ਮੀਡੀਆ ਸਕੱਤਰ ਬਲਜਿੰਦਰ ਸਿੰਘ ਸੋਨੀ, ਖਜ਼ਾਨਚੀ ਰਾਜੇਸ਼ ਕੁਮਾਰ ਮੌਜੂਦ ਸਨ।